ਮੁੰਬਈ, 27 ਮਾਰਚ
ਸ਼ਿਵ ਸੈਨਾ (ਊਧਵ ਬਾਲ ਠਾਕਰੇ) ਨੇ ਆਜ਼ਾਦੀ ਘੁਲਾਟੀਏ ਵੀਡੀ ਸਾਵਰਕਰ ਬਾਰੇ ਟਿੱਪਣੀ ‘ਤੇ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸੇਧਿਆ। ਪਾਰਟੀ ਦੇ ਅਖਬਾਰ ‘ਸਾਮਨਾ’ ਵਿੱਚ ਛਪੇ ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਗਾਂਧੀ ਦੀਆਂ ਅਜਿਹੀਆਂ ਟਿੱਪਣੀਆਂ ਨਾਲ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਅਯੋਗ ਠਹਿਰਾਉਣ ਮਗਰੋਂ ਮਿਲ ਰਹੀ ਹਮਦਰਦੀ ਘਟ ਜਾਵੇਗੀ। ਸਾਵਰਕਰ ਬਾਰੇ ਅਪਮਾਨਜਨਕ ਟਿੱਪਣੀਆਂ ਕਰ ਕੇ ਸੱਚ ਜਿੱਤ ਨਹੀਂ ਸਕਦਾ। ਐਤਵਾਰ ਨੂੰ ਰੈਲੀ ਦੌਰਾਨ ਊਧਵ ਠਾਕਰੇ ਨੇ ਕਿਹਾ ਸੀ ਕਿ ਉਹ ਸਾਵਰਕਰ ਨੂੰ ਆਪਣਾ ਗੁਰੂ ਮੰਨਦੇ ਹਨ। ਗਾਂਧੀ ਨੂੰ ਉਨ੍ਹਾਂ ਨੂੰ ਜ਼ਲੀਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਿੰਦੂ ਵਿਚਾਰਧਾਰਕ ਵੀ ਡੀ ਸਾਵਰਕਰ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਸਬੰਧੀ ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ‘ਤੇ ਨਿਸ਼ਾਨਾ ਸੇਧਿਆ। ਸ਼ਿੰਦੇ ਨੇ ਕਿਹਾ ਕਿ ਸ਼ਿਵ ਸੈਨਾ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਰਲ ਕੇ ਸੂਬੇ ਵਿੱਚ ‘ਸਾਵਰਕਰ ਗੌਰਵ ਯਾਤਰਾ’ ਕੱਢੀ ਜਾਵੇਗੀ।
ਡਿਪਟੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਣੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿੰਦੇ ਨੇ ਠਾਕਰੇ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹੀਆਂ ਟਿੱਪਣੀਆਂ ਦਾ ਵਿਰੋਧ ਕਰਨ ਦਾ ਜ਼ੇਰਾ ਦਿਖਾਉਣ। ਸ਼ਿੰਦੇ ਨੇ ਕਿਹਾ ਕਿ ਠਾਕਰੇ ਦੀ ਅਗਵਾਈ ਹੇਠਲੇ ਸੰਗਠਨ ਨੇ ਪਿਛਲੇ ਹਫ਼ਤੇ ਲੋਕ ਸਭਾ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਉਣ ਵਿਰੁੱਧ ਕਾਂਗਰਸ ਦੀ ਹਮਾਇਤ ਕਰਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਮਾਣਹਾਨੀ ਮਾਮਲੇ ਵਿੱਚ ਸੂਰਤ ਦੀ ਅਦਾਲਤ ਵੱਲੋਂ ਸਜ਼ਾ ਸੁਣਾਉਣ ਮਗਰੋਂ ਗਾਂਧੀ ਨੂੰ ਅਯੋਗ ਠਹਿਰਾ ਦਿੱਤਾ ਸੀ। -ਪੀਟੀਆਈ
ਕਾਂਗਰਸ ਦੇ 16 ਵਿਧਾਇਕ ਮੁਅੱਤਲ
ਗਾਂਧੀਨਗਰ: ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਵਜੋਂ ਅਯੋਗ ਠਹਿਰਾਏ ਜਾਣ ਦੇ ਮੁੱਦੇ ‘ਤੇ ਬਜਟ ਸੈਸ਼ਨ ਦੌਰਾਨ ਹੰਗਾਮਾ ਕਰਨ ‘ਤੇ ਗੁਜਰਾਤ ਵਿਧਾਨ ਸਭਾ ਵਿੱਚੋਂ ਕਾਂਗਰਸ ਦੇ 17 ਵਿੱਚੋਂ 16 ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਪੀਕਰ ਸ਼ੰਕਰ ਚੌਧਰੀ ਦੀਆਂ ਅਪੀਲਾਂ ਦੇ ਬਾਵਜੂਦ ਆਪਣੀਆਂ ਸੀਟਾਂ ‘ਤੇ ਵਾਪਸ ਜਾਣ ਤੋਂ ਇਨਕਾਰੀ ਵਿਰੋਧੀ ਧਿਰ ਦੇ ਕੁਝ ਵਿਧਾਇਕਾਂ ਨੂੰ ਮਾਰਸ਼ਲਾਂ ਨੇ ਸਦਨ ਵਿੱਚੋਂ ਬਾਹਰ ਕੱਢ ਦਿੱਤਾ। ਇਨ੍ਹਾਂ ਵਿੱਚ ਇਮਰਾਨ ਖੇੜਾਵਾਲਾ, ਜੈਨੀਬੇਨ ਠਾਕੋਰ ਅਤੇ ਅਮ੍ਰਿਤਜੀ ਠਾਕੋਰ ਸ਼ਾਮਲ ਹਨ।