ਲਖਨਊ, 26 ਮਾਰਚ
ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਲੁਕਵੇਂ ਢੰਗ ਨਾਲ ਕਾਂਗਰਸ ‘ਤੇ ਟਿੱਪਣੀ ਕਰਦਿਆਂ ਅੱਜ ਕਿਹਾ ਕਿ ਕੌਮੀ ਪਾਰਟੀਆਂ ਨੂੰ ਸੂਬਿਆਂ ਵਿੱਚ ਭਾਜਪਾ ਖ਼ਿਲਾਫ਼ ਲੜਾਈ ਵਿੱਚ ਖੇਤਰੀ ਦਲਾਂ/ਪਾਰਟੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਅਖਿਲੇਸ਼ ਯਾਦਵ ਨੇ ਟਿੱਪਣੀ ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਨੇਤਾ ਤੇਜਸਵੀ ਯਾਦਵ ਵੱਲੋਂ ਕੀਤੀ ਗਈ ਟਿੱਪਣੀ ਤੋਂ ਇੱਕ ਦਿਨ ਬਾਅਦ ਕੀਤੀ ਹੈ। ਸ਼ਨਿਚਰਵਾਰ ਨੂੰ ਤੇਜਸਵੀ ਯਾਦਵ ਨੇ ਕਿਹਾ ਸੀ ਕਿ ਕਾਂਗਰਸ ਵਿਰੋਧੀ ਧਿਰ ਵਿੱਚ ਸਭ ਤੋਂ ਵੱਡੀ ਪਾਰਟੀ ਹੈ ਪਰ 2024 ਦੀਆਂ ਆਮ ਚੋਣਾਂ ‘ਚ ਭਾਜਪਾ ਤੋਂ ਸੱਤਾ ਹਾਸਲ ਕਰਨ ਲਈ ਜਿੱਥੇ ਕਿਤੇ (ਜਿਹੜੇ ਸੂਬਿਆਂ ਵਿੱਚ) ਖੇਤਰੀ ਪਾਰਟੀਆਂ ਮਜ਼ਬੂਤ ਹਨ ਉਥੇ ਉਨ੍ਹਾਂ (ਖੇਤਰੀ ਪਾਰਟੀਆਂ) ਨੂੰ ਮੂਹਰੇ ਰੱਖਣਾ ਚਾਹੀਦਾ ਹੈ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਸਬੰਧੀ ਸਵਾਲ ਦੇ ਜਵਾਬ ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ‘ਸੱਤਿਆਗ੍ਰਹਿ’ ਲਈ ਕਾਂਗਰਸ ਨੂੰ ਵਧਾਈ ਦੇਣਾ ਚਾਹੁੰਦੇ ਹਨ। ਇਹ ਪੁੱਛੇ ਜਾਣ ‘ਤੇ ਕਿ ਕੀ ਸਮਾਜਵਾਦੀ ਪਾਰਟੀ ਕਾਂਗਰਸ ਦੇ ਅੰਦੋਲਨ ਦਾ ਸਮਰਥਨ ਕਰੇਗੀ ਤਾਂ ਅਖਿਲੇਸ਼ ਨੇ ਆਖਿਆ, ”ਸਵਾਲ ਰਾਹੁਲ ਗਾਂਧੀ ਨਾਲ ਹਮਦਰਦੀ ਦਾ ਨਹੀਂ ਹੈ ਬਲਕਿ ਇਹ ਹੈ ਕਿ ਦੇਸ਼ ਵਿੱਚ ਲੋਕਤੰਤਰ ਅਤੇ ਸੰਵਿਧਾਨ ਬਚਣਗੇ ਜਾਂ ਨਹੀਂ। ਅਸੀਂ ਕਹਿ ਸਕਦੇ ਹਾਂ ਸੂਬਾ ਪੱਧਰ ‘ਤੇ ਪਾਰਟੀਆਂ ਨੂੰ ਸਹਿਯੋਗ ਦੇਣਾ ਤੇ ਮਦਦ ਕਰਨੀ ਚਾਹੀਦੀ ਹੈ।” -ਪੀਟੀਆਈ