ਨਵੀਂ ਦਿੱਲੀ, 27 ਮਾਰਚ
ਰਾਜ ਸਭਾ ਦੇ ਸੰਸਦ ਮੈਂਬਰ ਕਪਿਲ ਸਿੱਬਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਧਰਮ ਦੇ ਆਧਾਰ ‘ਤੇ ਕੋਟਾ ਦੇਣ ਨਾਲ ਸੰਵਿਧਾਨ ਦੀ ਉਲੰਘਣਾ ਬਾਰੇ ਦਿੱਤੇ ਗਏ ਬਿਆਨ ‘ਤੇ ਤਨਜ਼ ਕੱਸਿਆ। ਉਨ੍ਹਾਂ ਸ਼ਾਹ ਨੂੰ ਸਵਾਲ ਕੀਤਾ ਕਿ ਕੀ ਧਰਮ ਆਧਾਰਿਤ ਸਿਆਸਤ ਤੇ ਪ੍ਰਚਾਰ ਨਾਲ ਸੰਵਿਧਾਨ ਦੀ ਉਲੰਘਣਾ ਨਹੀਂ ਹੁੰਦੀ। ਜ਼ਿਕਰਯੋਗ ਹੈ ਕਿ ਸ਼ਾਹ ਨੇ ਐਤਵਾਰ ਨੂੰ ਓਬੀਸੀਜ਼ ਅਧੀਨ ਮੁਸਲਿਮ ਭਾਈਚਾਰੇ ਲਈ ਚਾਰ ਫੀਸਦੀ ਰਾਖਵਾਂਕਰਨ ਵਾਪਸ ਲੈਣ ਸਬੰਧੀ ਕਰਨਾਟਕ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਧਰਮ ਦੇ ਆਧਾਰ ‘ਤੇ ਕੋਟਾ ਸੰਵਿਧਾਨਕ ਤੌਰ ‘ਤੇ ਗੈਰ ਵਾਜਬ ਹੈ। ਉਨ੍ਹਾਂ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਸਿੱਬਲ ਨੇ ਟਵੀਟ ਕੀਤਾ,’ਅਮਿਤ ਸ਼ਾਹ ਜੇ ਧਰਮ ਦੇ ਆਧਾਰ ‘ਤੇ ਕੋਟਾ ਦੇਣ ਨਾਲ ਸੰਵਿਧਾਨ ਦੀ ਉਲੰਘਣਾ ਹੁੰਦੀ ਹੈ ਤਾਂ ਫਿਰ ਧਰਮ ਦੇ ਆਧਾਰ ‘ਤੇ ਸਿਆਸਤ, ਪ੍ਰਚਾਰ, ਭਾਸ਼ਣਾਂ ਤੇ ਸਮਾਗਮ ਕਰਵਾਉਣ ਬਾਰੇ ਤੁਹਾਡਾ ਕੀ ਖਿਆਲ ਹੈ। ਕੀ ਇਸ ਨਾਲ ਸੰਵਿਧਾਨ ਦੀ ਉਲੰਘਣਾ ਨਹੀਂ ਹੁੰਦੀ?’ ਜ਼ਿਕਰਯੋਗ ਹੈ ਕਿ ਬਿਦਰ ਜ਼ਿਲ੍ਹੇ ਵਿੱਚ ਗੋਰਾਤਾ ਪਿੰਡ ਅਤੇ ਰਾਏਚੁਰ ਜ਼ਿਲ੍ਹੇ ਵਿੱਚ ਗਬਰ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਆਖਿਆ ਸੀ ਕਿ ਭਾਜਪਾ ਨੇ ਘੱਟ ਗਿਣਤੀਆਂ ਨੂੰ ਦਿੱਤੇ ਜਾਂਦੇ ਚਾਰ ਫੀਸ ਰਾਖਵੇਂਕਰਨ ਨੂੰ ਖ਼ਤਮ ਕਰ ਦਿੱਤਾ ਹੈ। ਘੱਟ ਗਿਣਤੀਆਂ ਨੂੰ ਰਾਖਵਾਂਕਰਨ ਦੇਣਾ ਸੰਵਿਧਾਨਕ ਤੌਰ ‘ਤੇ ਜਾਇਜ਼ ਨਹੀਂ ਹੈ। ਇਸ ਸਬੰਧੀ ਸੰਵਿਧਾਨ ਵਿੱਚ ਕੋਈ ਮੱਦ ਮੌਜੂਦ ਨਹੀਂ ਹੈ। ਕਾਂਗਰਸ ਸਰਕਾਰ ਨੇ ਸਿਆਸੀ ਲਾਹਾ ਖੱਟਣ ਲਈ ਇਹ ਰਾਖਵਾਂਕਰਨ ਦਿੱਤਾ ਸੀ। -ਪੀਟੀਆਈ