ਬੰਗਲੁਰੂ, 26 ਮਾਰਚ
ਭਾਜਪਾ ਦੀ ਅਗਵਾਈ ਵਾਲੀ ਕਰਨਾਟਕ ਸਰਕਾਰ ਵੱਲੋਂ ਓਬੀਸੀ ਸੂਚੀ ‘ਚ ਮੁਸਲਮਾਨਾਂ ਲਈ ਕੈਟਾਗਿਰੀ 2ਬੀ ਤਹਿਤ ਰਾਖ਼ਵਾਂਕਰਨ ਖ਼ਤਮ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਾਂਗਰਸ ਨੇ ਅੱਜ ਐਲਾਨ ਕੀਤਾ ਕਿ ਉਹ ਸੱਤਾ ਵਿਚ ਆਉਣ ਦੀ ਸੂਰਤ ‘ਚ ਇਸ ਨੂੰ ਬਹਾਲ ਕਰਨਗੇ। ਸੂਬੇ ਵਿਚ ਵਿਧਾਨ ਸਭਾ ਚੋਣਾਂ ਮਈ ਵਿਚ ਹੋਣਗੀਆਂ। ਸ਼ੁੱਕਰਵਾਰ ਹੋਈ ਕੈਬਨਿਟ ਮੀਟਿੰਗ ‘ਚ ਇਹ ਚਾਰ ਪ੍ਰਤੀਸ਼ਤ ਰਾਖ਼ਵਾਂਕਰਨ ਵੋਕਾਲੀਗਾ ਤੇ ਵੀਰਸ਼ੈਵ-ਲਿੰਗਾਇਤ ਭਾਈਚਾਰਿਆਂ ਵਿਚ ਵੰਡਣ ਦਾ ਫ਼ੈਸਲਾ ਵੀ ਲਿਆ ਗਿਆ ਸੀ। ਦੋ-ਦੋ ਪ੍ਰਤੀਸ਼ਤ ਕੋਟਾ ਇਹ ਭਾਈਚਾਰੇ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ਵਿਚ ਦਾਖ਼ਲੇ ਵੇਲੇ ਵਰਤ ਸਕਣਗੇ। ਸਿਆਸੀ ਤੌਰ ਉਤੇ ਰਸੂਖ਼ ਰੱਖਦੇ ਇਨ੍ਹਾਂ ਭਾਈਚਾਰਿਆਂ ਨੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਸਰਕਾਰ ਨੇ ਮੁਸਲਮਾਨਾਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ (ਈਡਬਲਿਊਐੱਸ) ਦੇ 10 ਪ੍ਰਤੀਸ਼ਤ ਪੂਲ ਵਿਚ ਪਾ ਦਿੱਤਾ ਹੈ। ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਨੇ ਇਸ ਕਦਮ ਨੂੰ ‘ਗੈਰਸੰਵਿਧਾਨਕ’ ਦੱਸਿਆ ਹੈ। ਉਨ੍ਹਾਂ ਕਿਹਾ, ‘ਇਹ ਸਰਕਾਰ ਸੋਚਦੀ ਹੈ ਕਿ ਰਾਖ਼ਵਾਂਕਰਨ ਜਾਇਦਾਦ ਵਾਂਗ ਵੰਡਿਆ ਜਾ ਸਕਦਾ ਹੈ। ਇਹ ਕੋਈ ਜਾਇਦਾਦ ਨਹੀਂ ਹੈ। ਇਹ ਘੱਟਗਿਣਤੀਆਂ ਦਾ ਹੱਕ ਹੈ। ਅਸੀਂ ਉਨ੍ਹਾਂ ਦਾ ਚਾਰ ਪ੍ਰਤੀਸ਼ਤ ਖ਼ਤਮ ਕੀਤੇ ਜਾਣ ਤੇ ਇਸ ਨੂੰ ਕਿਸੇ ਵੀ ਵੱਡੇ ਭਾਈਚਾਰੇ ਨੂੰ ਦਿੱਤੇ ਜਾਣ ਦੇ ਹੱਕ ਵਿਚ ਨਹੀਂ ਹਾਂ। ਉਹ (ਘੱਟਗਿਣਤੀ ਵਰਗ ਦੇ ਮੈਂਬਰ) ਸਾਡੇ ਭਰਾ ਤੇ ਪਰਿਵਾਰਕ ਮੈਂਬਰ ਹਨ।’ ਸ਼ਿਵਕੁਮਾਰ ਨੇ ਦਾਅਵਾ ਕੀਤਾ ਕਿ, ‘ਸਾਰੇ ਵੋਕਾਲੀਗਾ ਤੇ ਵੀਰਸ਼ੈਵ-ਲਿੰਗਾਇਤ ਇਸ ਪੇਸ਼ਕਸ਼ ਨੂੰ ਠੁਕਰਾ ਰਹੇ ਹਨ।’ ਸ਼ਿਵਕੁਮਾਰ ਨੇ ਕਿਹਾ ਕਿ ਕਾਂਗਰਸ ‘ਅਗਲੇ 45 ਦਿਨਾਂ ਵਿਚ ਸੱਤਾ ਵਿਚ ਆਵੇਗੀ ਤੇ ਇਸ ਸਭ ਨੂੰ ਖ਼ਤਮ ਕਰੇਗੀ।’ ਉਨ੍ਹਾਂ ਨਾਲ ਹੀ ਕਿਹਾ ਕਿ ਮੁਸਲਮਾਨਾਂ ਨੂੰ ਓਬੀਸੀ ਸੂਚੀ ਵਿਚੋਂ ਬਾਹਰ ਰੱਖਣ ਦਾ ਕੋਈ ਅਧਾਰ ਨਹੀਂ ਹੈ। ਸ਼ਿਵਕੁਮਾਰ ਨੇ ਕਿਹਾ ਕਿ ਬਸਵਰਾਜ ਬੋਮਈ ਸਰਕਾਰ ‘ਜਜ਼ਬਾਤੀ ਮੁੱਦਿਆਂ’ ਨੂੰ ਉਠਾਉਣ ਦਾ ਯਤਨ ਕਰ ਰਹੀ ਹੈ। -ਪੀਟੀਆਈ
ਸ਼ਾਹ ਵੱਲੋਂ ਰਾਖ਼ਵਾਂਕਰਨ ਖ਼ਤਮ ਕਰਨ ਦੇ ਫ਼ੈਸਲੇ ਦਾ ਬਚਾਅ
ਬਿਦਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਸਲਿਮ ਰਾਖ਼ਵੇਂਕਰਨ ਬਾਰੇ ਕਰਨਾਟਕ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਧਾਰ ‘ਤੇ ਰਾਖ਼ਵਾਂਕਰਨ ਸੰਵਿਧਾਨਕ ਤੌਰ ‘ਤੇ ਸਹੀ ਨਹੀਂ ਹੈ। ਬਿਦਰ ਤੇ ਰਾਇਚੂਰ ਜ਼ਿਲ੍ਹਿਆਂ ਵਿਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਾਂਗਰਸ ਵੱਲੋਂ ਮੁਸਲਮਾਨਾਂ ਲਈ ਲਿਆਂਦੇ ਚਾਰ ਪ੍ਰਤੀਸ਼ਤ ਰਾਖ਼ਵੇਂਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ‘ਵੋਟ ਬੈਂਕ ਦੀ ਸਿਆਸਤ’ ਲਈ ਅਜਿਹਾ ਕੀਤਾ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਰਨਾਟਕ ਵਿਚ ਨਵਾਂ ਅੰਦਰੂਨੀ ਰਾਖ਼ਵਾਂਕਰਨ ਲਿਆ ਕੇ ਅਨੁਸੂਚਿਤ ਜਾਤੀਆਂ ਨਾਲ ਹੋਏ ਅਨਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। -ਪੀਟੀਆਈ
ਕਰਨਾਟਕ ਚੋਣਾਂ ‘ਚ ਜੇਡੀ (ਐੱਸ) ਦੀ ਹਮਾਇਤ ਕਰੇਗੀ ਬੀਆਰਐੱਸ
ਬੰਗਲੂਰੂ: ਜਨਤਾ ਜਲ (ਸੈਕੁਲਰ) ਨੂੰ ‘ਸੁਭਾਵਿਕ ਭਾਈਵਾਲ’ ਕਰਾਰ ਦਿੰਦਿਆਂ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਜੇਡੀ (ਐੱਸ) ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਬੀਆਰਐੱਸ ਦੇ ਸੂਤਰਾਂ ਮੁਤਾਬਕ ਤਿਲੰਗਾਨਾ ਦੀ ਪਾਰਟੀ ਇਸ ਤੋਂ ਪਹਿਲਾਂ ਸੂਬੇ ਨਾਲ ਲੱਗਦੇ ਕਰਨਾਟਕ ਦੇ ਕਈ ਜ਼ਿਲ੍ਹਿਆਂ ਵਿਚ ਆਪਣੇ ਉਮੀਦਵਾਰ ਉਤਾਰਨ ਦਾ ਮਨ ਬਣਾ ਰਹੀ ਸੀ। ਪਰ ਮੁੱਖ ਮੰਤਰੀ ਕੇਸੀਆਰ ਦੀ ਪਾਰਟੀ ‘ਭਾਰਤ ਰਾਸ਼ਟਰ ਸਮਿਤੀ’ ਹੁਣ ਅਜਿਹਾ ਨਹੀਂ ਕਰੇਗੀ। ਬੀਆਰਐੱਸ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੇਡੀ (ਐੱਸ) ਚੋਣਾਂ ਜਿੱਤੇ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਜੇਡੀ(ਐੱਸ) ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ। ‘ਤੇਲਗੂ ਭਾਸ਼ਾਈ’ ਇਲਾਕਿਆਂ ਵਿਚ ਕੇਸੀਆਰ ਜ਼ਿਆਦਾ ਚੋਣ ਪ੍ਰਚਾਰ ਕਰਨਗੇ। ਕਰਨਾਟਕ ਵਿਚ ਚੋਣਾਂ ਮਈ ਵਿਚ ਹੋਣਗੀਆਂ। ਜੇਡੀ (ਐੱਸ) ਆਗੂ ਤੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਹਾਲ ਹੀ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਕਰਨਾਟਕ ਵਿਚ ਚੋਣ ਪ੍ਰਚਾਰ ਦਾ ਸੱਦਾ ਦਿੱਤਾ ਸੀ। ਬੈਨਰਜੀ ਨੇ ਇਸ ਸੱਦੇ ਨੂੰ ਸਵੀਕਾਰ ਕਰ ਲਿਆ ਹੈ। -ਪੀਟੀਆਈ