ਅੰਮ੍ਤਿਸਰ / ਪੁਰਸ਼ ਪ੍ਰਧਾਨ ਦੇਸ਼ ਅਫ਼ਗਾਨਿਸਤਾਨ ‘ਚ 39 ਸਾਲਾ ਸਲੀਮਾ ਮਾਜ਼ਰੀ ਨਾਂਅ ਦੀ ਜ਼ਿਲ੍ਹਾ ਗਵਰਨਰ ਪੂਰੀ ਤਾਕਤ ਨਾਲ ਤਾਲਿਬਾਨ ਵਿਰੁੱਧ ਜੰਗ ਦੀ ਅਗਵਾਈ ਕਰ ਰਹੀ ਹੈ |
ਉਸ ਦੀ ਫ਼ੌਜ ‘ਚ ਕਈ ਦਰਜਨ ਲੜਾਕੇ ਸ਼ਾਮਿਲ ਹਨ, ਜੋ ਪਹਿਲਾਂ ਮਜ਼ਦੂਰੀ ਕਰਦੇ ਸਨ ਜਾਂ ਚਰਵਾਹੇ ਸਨ | ਉਹ ਲਗਾਤਾਰ ਸਥਿਤੀ ਦਾ ਜਾਇਜ਼ਾ ਲੈਂਦੀ ਹੈ ਅਤੇ ਨਾਲ ਹੀ ਅਗਲੀ ਰਣਨੀਤੀ ਵੀ ਤਿਆਰ ਕਰਦੀ ਹੈ | ਉਹ ਲਗਾਤਾਰ ਤਾਲਿਬਾਨ ਖ਼ਿਲਾਫ਼ ਲੋਕਾਂ ਨੂੰ ਹਥਿਆਰ ਚੁੱਕਣ ਲਈ ਲਾਮਬੰਦ ਕਰ ਰਹੀ ਹੈ | ਸਲੀਮਾ ਬਲਖ਼ ਪ੍ਰਾਂਤ ਦੇ ਜ਼ਿਲ੍ਹਾ ਚਾਰਕਿੰਟ ਦੀ ਗਵਰਨਰ ਹੈ, ਜੋ ਕਿ ਮਜ਼ਾਰ-ਏ-ਸ਼ਰੀਫ ਤੋਂ ਲਗਭਗ ਇਕ ਘੰਟੇ ਦੀ ਦੂਰੀ ‘ਤੇ ਹੈ | ਮਾਜ਼ਰੀ ਦਾ ਕਹਿਣਾ ਹੈ ਕਿ ਤਾਲਿਬਾਨ ਸ਼ਾਸਨ ‘ਚ ਮਨੁੱਖੀ ਅਧਿਕਾਰਾਂ ਵਰਗੀ ਕੋਈ ਚੀਜ਼ ਨਹੀਂ ਹੈ, ਸਗੋਂ ਉਹ ਉਸ ਦੀਆਂ ਖੁੱਲ੍ਹ ਕੇ ਧੱਜੀਆਂ ਉਡਾ ਰਹੇ ਹਨ | ਉਹ ਔਰਤਾਂ ਦੀ ਪੜ੍ਹਾਈ-ਲਿਖਾਈ ਕਰਨ ਤੋਂ ਸਖ਼ਤ ਨਫ਼ਰਤ ਕਰਦੇ ਹਨ ਤੇ ਰਾਜਨੀਤੀ ‘ਚ ਹਿੱਸਾ ਲੈਣ ਵਾਲੀਆਂ ਔਰਤਾਂ ਦੇ ਉਹ ਪੱਕੇ ਵੈਰੀ ਹਨ | ਉਸ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਤਾਲਿਬਾਨ ਸ਼ਾਸਨ ਹੇਠ ਦੇਸ਼ ਦਾ ਵਿਕਾਸ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ |
ਹਜ਼ਾਰਾ ਭਾਈਚਾਰੇ ਨਾਲ ਸਬੰਧਿਤ ਸਲੀਮਾ ਮਜ਼ਾਰੀ ਦੇ ਭਾਈਚਾਰੇ ਦੇ ਜ਼ਿਆਦਾਤਰ ਲੋਕ ਸ਼ੀਆ ਮੁਸਲਮਾਨ ਹਨ | ਉਸ ਦੇ ਜ਼ਿਲ੍ਹਾ ਚਾਰਕਿੰਟ ਦੇ ਲਗਪਗ ਅੱਧੇ ਹਿੱਸੇ ‘ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ | ਇਸ ਤੋਂ ਬਾਅਦ ਵੀ ਮਾਜ਼ਰੀ ਅਤੇ ਉਸ ਦੀ ਫ਼ੌਜ ਪਿੱਛੇ ਹਟਣ ਲਈ ਤਿਆਰ ਨਹੀਂ, ਸਗੋਂ ਆਪਣੇ ਮੋਰਚਿਆਂ ‘ਚ ਤਾਲਿਬਾਨ ਵਿਰੁੱਧ ਮਜ਼ਬੂਤੀ ਨਾਲ ਡਟੀ ਹੋਈ ਹੈ | ਉਸ ਦੁਆਰਾ ਮਜ਼ਦੂਰਾਂ ਅਤੇ ਭੇਡਾਂ ਦੇ ਚਰਵਾਹਿਆਂ ਦੀ ਬਣਾਈ ਗਈ ਫ਼ੌਜ ਕੋਲ ਪਹਿਲਾਂ ਬੰਦੂਕਾਂ ਨਹੀਂ ਸਨ | ਉਨ੍ਹਾਂ ਨੇ ਆਪਣੇ ਪਸ਼ੂ ਵੇਚ ਕੇ ਬੰਦੂਕਾਂ ਅਤੇ ਹੋਰ ਹਥਿਆਰ ਖ਼ਰੀਦੇ ਹਨ | ਚਾਰਕਿੰਟ ਜ਼ਿਲ੍ਹੇ ਦੇ ਪੁਲਿਸ ਮੁਖੀ ਸਈਅਦ ਨਜ਼ੀਰ ਅਨੁਸਾਰ ਤਾਲਿਬਾਨ ਦਾ ਇਥੋਂ ਦੇ ਸਥਾਨਕ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਹੈ | ਇਸ ਕਾਰਨ ਉਹ ਹੁਣ ਤੱਕ ਇਸ ਪੂਰੇ ਜ਼ਿਲ੍ਹੇ ‘ਤੇ ਕਬਜ਼ਾ ਨਹੀਂ ਕਰ ਸਕੇ | ਉਨ੍ਹਾਂ ਕਿਹਾ ਕਿ ਮਾਜ਼ਰੀ ਨਾ ਸਿਰਫ਼ ਲੋਕਾਂ ਨੂੰ ਤਾਲਿਬਾਨ ਵਿਰੁੱਧ ਲੜਾਈ ‘ਚ ਖੜ੍ਹਾ ਕਰ ਰਹੀ ਹੈ ਬਲਕਿ ਉਨ੍ਹਾਂ ਦੇ ਜ਼ਖ਼ਮੀ ਹੋਣ ‘ਤੇ ਉਨ੍ਹਾਂ ਦਾ ਇਲਾਜ ਵੀ ਕਰਵਾ ਰਹੀ ਹੈ |