ਪ੍ਰਯਾਗਰਾਜ, 27 ਮਾਰਚ
ਗੈਂਗਸਟਰ-ਸਿਆਸਤਦਾਨ ਅਤੀਕ ਅਹਿਮਦ ਅਤੇ ਉਸ ਦੇ ਭਰਾ ਖਾਲਿਦ ਆਜ਼ਮ ਉਰਫ਼ ਅਸ਼ਰਫ਼ ਨੂੰ ਅੱਜ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੀ ਨੈਨੀ ਕੇਂਦਰੀ ਜੇਲ੍ਹ ‘ਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਗਿਆ ਹੈ। ਅਤੀਕ ਦੇ ਪਹੁੰਚਣ ਮਗਰੋਂ ਉਸ ਦੇ ਭਰਾ ਖਾਲਿਦ ਆਜ਼ਮ ਉਰਫ਼ ਅਸ਼ਰਫ਼ ਨੂੰ ਨੈਨੀ ਕੇਂਦਰੀ ਜੇਲ੍ਹ ਲਿਆਂਦਾ ਗਿਆ। ਦੋਹਾਂ ਨੂੰ 17 ਸਾਲ ਪੁਰਾਣੇ ਅਗਵਾ ਕੇਸ ‘ਚ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਅਸ਼ਰਫ਼ ਜੁਲਾਈ 2020 ਤੋਂ ਬਰੇਲੀ ਜ਼ਿਲ੍ਹਾ ਜੇਲ੍ਹ ‘ਚ ਬੰਦ ਸੀ। ਗੁਜਰਾਤ ਦੀ ਜੇਲ੍ਹ ‘ਚੋਂ ਚਲਿਆ ਪੁਲੀਸ ਕਾਫ਼ਲਾ ਅਤੀਕ ਅਹਿਮਦ ਨੂੰ ਅੱਜ ਸ਼ਾਮ ਸਾਢੇ ਪੰਜ ਵਜੇ ਨੈਨੀ ਜੇਲ੍ਹ ਲੈ ਕੇ ਪਹੁੰਚਿਆ। ਅਤੀਕ ਨੂੰ ਅਦਾਲਤ ਦੇ ਹੁਕਮਾਂ ‘ਤੇ ਪ੍ਰਯਾਗਰਾਜ ਲਿਆਂਦਾ ਗਿਆ ਹੈ। ਉਸ ਖ਼ਿਲਾਫ਼ ਉਮੇਸ਼ ਪਾਲ ਹੱਤਿਆ ਕੇਸ ਸਮੇਤ 100 ਤੋਂ ਜ਼ਿਆਦਾ ਅਪਰਾਧਿਕ ਕੇਸ ਦਰਜ ਹਨ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ‘ਚ ਅਤੀਕ ਦੇ ਕਾਫ਼ਲੇ ‘ਚ ਸ਼ਾਮਲ ਵਾਹਨ ਦੀ ਇਕ ਗਊ ਨਾਲ ਟੱਕਰ ਹੋ ਗਈ। ਇਸ ਵਾਹਨ ‘ਚ ਅਤੀਕ ਅਹਿਮਦ ਸਵਾਰ ਸੀ। ਗਊ ਸੜਕ ਦੇ ਡਿਵਾਈਡਰ ਨੇੜੇ ਡਿੱਗੀ ਸੀ। ਘਟਨਾ ਮਗਰੋਂ ਵਾਹਨ ਕੁਝ ਦੇਰ ਲਈ ਰੋਕਿਆ ਗਿਆ। ਪ੍ਰਤੱਖਦਰਸ਼ੀਆਂ ਮੁਤਾਬਕ ਕੁਝ ਸਮੇਂ ਬਾਅਦ ਗਊ ਉੱਠ ਖੜ੍ਹੀ ਹੋਈ ਅਤੇ ਆਪਣੇ ਰਾਹ ਪੈ ਗਈ। ਇਸ ਤੋਂ ਪਹਿਲਾਂ ਭਾਜਪਾ ਦੇ ਲੋਕ ਸਭਾ ਮੈਂਬਰ ਸੁਬ੍ਰਤ ਪਾਠਕ ਨੇ ਕਿਹਾ ਸੀ ਕਿ ਇਸ ਗੱਲ ‘ਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਜੇਕਰ ਮਾਫ਼ੀਆ ਅਤੀਕ ਅਹਿਮਦ ਦਾ ਵਾਹਨ ਗੈਂਗਸਟਰ ਵਿਕਾਸ ਦੂਬੇ ਦੇ ਵਾਹਨ ਵਾਂਗ ਪਲਟ ਜਾਵੇ। -ਪੀਟੀਆਈ