ਨਵੀਂ ਦਿੱਲੀ, 3 ਮਾਰਚ
ਸੁਪਰੀਮ ਕੋਰਟ ਨੇ ਅੱਜ ਇਕ ਮਾਮਲੇ ਉਤੇ ਸੁਣਵਾਈ ਕਰਦਿਆਂ ਕਿਹਾ ਕਿ ਬੇਸ਼ੁਮਾਰ ਸੰਪਤੀ ਦੇ ਲਾਲਚ ਨੇ ਭ੍ਰਿਸ਼ਟਾਚਾਰ ਨੂੰ ਕੈਂਸਰ ਵਰਗੀ ਅਲਾਮਤ ਬਣਾਇਆ ਹੈ, ਤੇ ਸੰਵਿਧਾਨਕ ਅਦਾਲਤਾਂ ਦਾ ਲੋਕਾਂ ਪ੍ਰਤੀ ਇਹ ਫ਼ਰਜ਼ ਬਣਦਾ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਤੇ ਅਜਿਹੇ ਅਪਰਾਧ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ। ਅਦਾਲਤ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਮਾਜਿਕ ਨਿਆਂ ਦੇ ਰਾਹ ਵਿਚ ਵੱਡਾ ਅੜਿੱਕਾ ਹੈ ਜਿਸ ਦਾ ਵਾਅਦਾ ਭਾਰਤ ਦੇ ਸੰਵਿਧਾਨ ਵਿਚ ਕੀਤਾ ਗਿਆ ਹੈ। ਇਸ ‘ਚ ਸੰਪਤੀ ਦੀ ਬਰਾਬਰ ਵੰਡ ਦੀ ਗੱਲ ਵੀ ਕੀਤੀ ਗਈ ਹੈ। ਇਹ ਟਿੱਪਣੀਆਂ ਕਰਦਿਆਂ ਸੁਪਰੀਮ ਕੋਰਟ ਦੇ ਬੈਂਚ ਨੇ ਅੱਜ ਛੱਤੀਸਗੜ੍ਹ ਹਾਈ ਕੋਰਟ ਦੇ ਇਕ ਹੁਕਮ ਨੂੰ ਖਾਰਜ ਕਰ ਦਿੱਤਾ। ਹਾਈ ਕੋਰਟ ਨੇ ਆਮਦਨੀ ਨਾਲੋਂ ਵੱਧ ਸੰਪਤੀ ਬਣਾਉਣ ਦੇ ਇਕ ਕੇਸ ਵਿਚ ਰਾਜ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਅਮਨ ਸਿੰਘ ਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਹੋਈ ਐਫਆਈਆਰ ਰੱਦ ਕਰ ਦਿੱਤੀ ਸੀ। ਬੈਂਚ ਨੇ ਨਾਲ ਹੀ ਕਿਹਾ ਕਿ ‘ਭ੍ਰਿਸ਼ਟਾਚਾਰ ਹੁਣ ਜ਼ਿੰਦਗੀ ਦੇ ਹਰ ਖੇਤਰ ਵਿਚ ਵੜ ਗਿਆ ਹੈ। ਇਹ ਹੁਣ ਸ਼ਾਸਨ ਤੱਕ ਸੀਮਤ ਨਹੀਂ ਰਿਹਾ, ਬਲਕਿ ਜ਼ਿੰਮੇਵਾਰ ਵਿਅਕਤੀਆਂ ਮੁਤਾਬਕ ਇਹ ਜ਼ਿੰਦਗੀ ਜਿਊਣ ਦਾ ਤਰੀਕਾ ਹੀ ਬਣ ਗਿਆ ਹੈ।’ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਲੱਭਣ ਲਈ ਜ਼ਿਆਦਾ ਚਰਚਾ ਦੀ ਲੋੜ ਨਹੀਂ ਹੈ। ‘ਲਾਲਚ’, ਜਿਸ ਨੂੰ ਹਿੰਦੂ ਧਰਮ ਵਿਚ ਸੱਤ ਪਾਪਾਂ ਵਿਚੋਂ ਇਕ ਮੰਨਿਆ ਗਿਆ ਹੈ, ਹੱਦਾਂ ਪਾਰ ਕਰ ਰਿਹਾ ਹੈ। -ਪੀਟੀਆਈ