ਹੈਦਰਾਬਾਦ, 22 ਅਪ੍ਰੈਲ (ਸ.ਬ.) ਹੈਦਰਾਬਾਦ ਪੁਲਿਸ ਨੇ ਰਾਮ ਨੌਮੀ ਦੇ ਸਬੰਧ ਵਿੱਚ ਕੁੱਝ ਦਿਨ ਪਹਿਲਾਂ ਆਯੋਜਿਤ ਸ਼ੋਭਾ ਯਾਤਰਾ ਦੌਰਾਨ ਚੋਣ ਜ਼ਾਬਤੇ (ਐਮਸੀਸੀ) ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗੋਸ਼ਾਮਹਿਲ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਭਾਜਪਾ ਵਿਧਾਇਕ ਰਾਜਾ ਸਿੰਘ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕੀਤਾ ਹੈ।
ਸੁਲਤਾਨ ਬਜ਼ਾਰ ਪੁਲਿਸ ਸਟੇਸ਼ਨ ਨੇ ਭਾਰਤੀ ਦੰਡਾਵਲੀ ਦੀ ਧਾਰਾ 188 (ਲੋਕ ਸੇਵਕ ਦੁਆਰਾ ਸਹੀ ਢੰਗ ਨਾਲ ਜਾਰੀ ਕੀਤੇ ਹੁਕਮਾਂ ਦੀ ਅਵੱਗਿਆ), 290 (ਜਨਤਕ ਪਰੇਸ਼ਾਨੀ) 34 (ਕਈ ਵਿਅਕਤੀਆਂ ਦੁਆਰਾ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕੀਤੇ ਗਏ ਕੰਮ) ਦੇ ਤਹਿਤ ਇੱਕ ਸੂਓ ਮੋਟੋ ਕੇਸ ਦਰਜ ਕੀਤਾ ਗਿਆ ਹੈ।
ਗੋਸ਼ਾਮਹਿਲ ਦੇ ਵਿਧਾਇਕ ਨੇ ਨਿਰਧਾਰਤ ਸਮੇਂ ਤੋਂ ਅੱਗੇ ਰੈਲੀ ਜਾਰੀ ਰੱਖੀ ਅਤੇ ਕੋਟੀ ਨੇੜੇ ਹਨੂੰਮਾਨ ਵਿਆਮਸ਼ਾਲਾ ਵਿਖੇ ਭਾਸ਼ਣ ਦੇ ਕੇ ਅਤੇ ਡੀਜੇ ਦੀ ਆਵਾਜ਼ ਦੀ ਵਰਤੋਂ ਕਰਕੇ ਹੰਗਾਮਾ ਕੀਤਾ।
17 ਅਪਰੈਲ ਨੂੰ ਕੱਢੇ ਗਏ ਜਲੂਸ ਦੇ ਸਬੰਧ ਵਿੱਚ ਵਿਵਾਦਤ ਵਿਧਾਇਕ ਖ਼ਿਲਾਫ਼ ਦਰਜ ਕੀਤਾ ਗਿਆ ਇਹ ਦੂਜਾ ਕੇਸ ਹੈ।
ਇਸ ਤੋਂ ਪਹਿਲਾਂ ਅਫ਼ਜ਼ਲ ਗੰਜ ਪੁਲਿਸ ਨੇ ਵਿਧਾਇਕ ‘ਤੇ ਬਿਨਾਂ ਇਜਾਜ਼ਤ ਜਲੂਸ ਕੱਢਣ ਦਾ ਮਾਮਲਾ ਦਰਜ ਕੀਤਾ ਸੀ।
18 ਅਪ੍ਰੈਲ ਨੂੰ ਅਫ਼ਜ਼ਲ ਗੰਜ ਪੁਲਿਸ ਨੇ ਉਸ ‘ਤੇ ਧਾਰਾ 341 (ਗਲਤ ਰੋਕ), 188 ਤਹਿਤ ਮਾਮਲਾ ਦਰਜ ਕੀਤਾ ਸੀ |