ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖ਼ਤਮ ਕਰਨ ਵੇਲੇ ਅੰਗਰੇਜ਼ ਨੇ ਸਿੰਘ ਫ਼ਲਸਫ਼ਾ ਤੇ ਸਿੱਖ-ਸਿਧਾਂਤ ਖ਼ਤਮ ਕਰਨ ਲਈ ਗੁਰਦੁਆਰਾ ਸਾਹਿਬਾਨ ’ਤੇ ਮਹੰਤਾਂ ਅਤੇ ਸਰਬਰਾਹ ਦਾ ਕਬਜ਼ਾ ਕਰਾ ਕੇ ਪ੍ਰਬੰਧ ਆਪਣੇ ਹੇਠ ਕਰ ਲਿਆ ਸੀ। ਸਿੱਖ ਯੋਧਿਆਂ ਤੋਂ ਡਰਿਆ ਅੰਗਰੇਜ਼, ਸਿੱਖਾਂ ਨੂੰ ਈਸਾਈ ਬਣਾਉਣ ਵੱਲ ਯਤਨ ਕਰਨ ਲੱਗਾ। ਇਸੇ ਲੜੀ ਵਿਚ ਮਹਾਰਾਜਾ ਦਲੀਪ ਸਿੰਘ ਤੇ ਸ. ਹਰਨਾਮ ਸਿੰਘ ਆਹਲੂਵਾਲੀਆ ਈਸਾਈ ਬਣੇ। ਸਖ਼ਤੀ ਇਸ ਹੱਦ ਤਕ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ-ਪੁੱਤਰੀਆਂ ਨਾਲ ਕਿਸੇ ਸਿੱਖ ਸਰਦਾਰ ਨੇ ਨਾ ਆਪਣੀਆਂ ਲੜਕੀਆਂ ਦਾ ਵਿਆਹ ਕੀਤਾ ਅਤੇ ਨਾ ਹੀ ਆਪਣੇ ਕਿਸੇ ਫਰਜ਼ੰਦ ਨੂੰ ਰਾਜਕੁਮਾਰੀਆਂ ਨਾਲ ਸ਼ਾਦੀ ਕਰਨ ਲਈ ਪ੍ਰੇਰਿਆ। ਸੰਨ 1869 ਈ. ਵਿਚ ਪੈਦਾ ਹੋਈ ਰਾਜਕੁਮਾਰੀ ਬੰਬਾ 1912 ਈ. ਤੋਂ ਪਹਿਲਾਂ ਹੀ ਪੰਜਾਬ ਆ ਗਈ ਸੀ ਤੇ ਮਰਦੇ ਦਮ 1957 ਈ. ਤਕ ਲਾਹੌਰ ਵਿਚ ਰਹੀ। ਕਿਸੇ ਰਾਜਸੀ ਜਾਂ ਧਾਰਮਿਕ ਆਗੂ ਨੇ ਉਸ ਨੂੰ ਮੁੜ ਸਿੱਖੀ ਵਿਚ ਲਿਆਉਣ ਦਾ ਯਤਨ ਨਹੀਂ ਕੀਤਾ। ਉਸ ਦੀ ਵਿਦੇਸ਼ੀ ਨੌਕਰਾਣੀ ਇਕ ਵੱਡੇ ਸਿੱਖ ਖਾਨਦਾਨ ਦੇ ਘਰ ਦੀ ਨੂੰਹ ਜ਼ਰੂਰ ਬਣ ਗਈ ਸੀ। ਸੰਨ 1873 ਵਿਚ ਅੰਗਰੇਜ਼ ਜਦੋਂ ਚਾਰ ਸਿੱਖ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਮਿਸ਼ਨ ਹਾਈ ਸਕੂਲ ਵਿਚ ਈਸਾਈ ਬਣਾਉਣ ਲੱਗਿਆ ਤਾਂ ਸ. ਠਾਕੁਰ ਸਿੰਘ ਸੰਧਾਵਾਲੀਆ, ਬਾਬਾ ਖੇਮ ਸਿੰਘ ਬੇਦੀ, ਰਾਜਾ ਬਿਕਰਮ ਸਿੰਘ ਕਪੂਰਥਲਾ ਅਤੇ ਗਿਆਨੀ ਗਿਆਨ ਸਿੰਘ, ਅੰਮ੍ਰਿਤਸਰ ਨੇ ਆਵਾਜ਼ ਉਠਾਈ ਅਤੇ ਸਿੰਘ ਸਭਾ ਲਹਿਰ ਰਾਹੀਂ ਸਿੱਖ ਧਰਮ ਨੂੰ ਬਚਾਉਣ ਦਾ ਯਤਨ ਕੀਤਾ। ਫਲਸਰੂਪ ਅੰਗਰੇਜ਼ ਉਹ ਚਾਰ ਨੌਜਵਾਨਾਂ ਨੂੰ ਈਸਾਈ ਨਹੀਂ ਬਣਾ ਸਕਿਆ। ਇਸੇ ਸ. ਠਾਕੁਰ ਸਿੰਘ ਸੰਧਾਵਾਲੀਆ ਨੇ ਵਲੈਤ ਜਾ ਕੇ ਮਹਾਰਾਜਾ ਦਲੀਪ ਸਿੰਘ ਨੂੰ ਸਿੰਘ ਸਜਣ ਲਈ ਪ੍ਰੇਰਿਆ ਅਤੇ ਖ਼ਾਲਸਾ ਰਾਜ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ। ਵੀਹ ਮਾਰਚ 1886 ਨੂੰ ਸੰਧਾਵਾਲੀਆ ਦੇ ਉੱਦਮ ਸਦਕਾ ਮਹਾਰਾਜਾ ਦਲੀਪ ਸਿੰਘ ਮੁੜ ਸਿੰਘ ਸਜ ਗਿਆ ਪਰ ਸੰਧਾਵਾਲੀਆ ਨੂੰ ਅੰਗਰੇਜ਼ ਨੇ ਵਾਪਸ ਪੰਜਾਬ ਨਾ ਆਉਣ ਦਿੱਤਾ ਤੇ ਉਸ ਦੀ ਜਾਇਦਾਦ ਜ਼ਬਤ ਕਰ ਲਈ ਗਈ। ਇਸ ਲਹਿਰ ਨੂੰ ਕਮਜ਼ੋਰ ਕਰਨ ਲਈ ਸਿੰਘ ਸਭਾ, ਅੰਮ੍ਰਿਤਸਰ ਦੇ ਬਰਾਬਰ ਇਕ ਸਿੰਘ ਸਭਾ ਲਾਹੌਰ ਵਿਚ ਵੀ ਖੜ੍ਹੀ ਹੋਈ। ਅੰਗਰੇਜ਼ ਨੇ ਇਨ੍ਹਾਂ ਸਿੰਘ ਸਭਾਵਾਂ ਨੂੰ ਜੋੜ ਕੇ 1962 ਈ. ਵਿਚ ਚੀਫ ਖ਼ਾਲਸਾ ਦੀਵਾਨ ਬਣਾ ਕੇ ਇਸ ਲਹਿਰ ਦਾ ਅੰਤ ਕਰ ਦਿੱਤਾ। ਚੀਫ ਖ਼ਾਲਸਾ ਦੀਵਾਨ ਦੇ ਸੰਵਿਧਾਨ ਵਿਚ ਇਹ ਗੱਲ ਅੰਕਿਤ ਕਰ ਦਿੱਤੀ ਗਈ ਕਿ ਉਹ ਸਰਕਾਰ ਨਾਲ ਕੇਵਲ ਗੱਲਬਾਤ ਰਾਹੀਂ ਹੀ ਪੰਥਕ ਮਸਲੇ ਸੁਲਝਾਉਣਗੇ। ਇਹੀ ਦੌਰ ਸ਼ੁੱਧੀਕਰਨ ਆਦਿ ਲਹਿਰਾਂ ਦਾ ਸੀ ਜਿੱਥੇ ਸਿੱਖਾਂ ਨੂੰ ਮੁੜ ਆਪਣੇ ਪੁਰਾਣੇ ਧਰਮਾਂ ਵੱਲ ਪਰਿਵਰਤਨ ਕਰਨ ਦੇ ਯਤਨ ਹੋਏ। ਮਿਸਲਾਂ ਦੇ ਰਾਜ ਕਾਲ ਵਿਚ ਕੌਮੀ ਫ਼ੈਸਲੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਬੈਠ ਕੇ ਸਾਂਝੇ ਰੂਪ ਵਿਚ ਕੀਤੇ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਕਾਲ ਵਿਚ ਵੀ ਕੁਝ ਜ਼ਮੀਨਾਂ-ਜਾਇਦਾਦਾਂ ਬਾਰੇ ਹੁਕਮਨਾਮੇ ਮਹਾਰਾਜ ਸਾਹਿਬ ਨੂੰ ਭੇਜੇ ਗਏ। ਪਰ 1919-20 ਈ. ਤਕ ਗੁਰਦੁਆਰਾ ਸਾਹਿਬਾਨ ਵਿਭਚਾਰ ਦੇ ਅੱਡੇ ਬਣ ਚੁੱਕੇ ਸਨ। ਮਹੰਤ ਨਰੈਣੂ ਨੇ ਤਾਂ ਨਨਕਾਣਾ ਸਾਹਿਬ ਵਿਚ 140 ਤੋਂ ਜ਼ਿਆਦਾ ਸਿੱਖ ਕਤਲ ਵੀ ਕਰਵਾ ਦਿੱਤੇ ਸਨ। ਜੋ ਵਿਅਕਤੀ ਅੰਗਰੇਜ਼ ਵਿਰੋਧੀ ਹੁੰਦਾ ਸੀ, ਉਸ ਨੂੰ ਸ. ਗੁਰਮੁਖ ਸਿੰਘ ਵਾਂਗ ਪੰਥ ’ਚੋਂ ਖ਼ਾਰਜ ਕਰ ਦਿੱਤਾ ਜਾਂਦਾ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਜਨਰਲ ਡਾਇਰ ਵਰਗਿਆਂ ਨੂੰ ਸਨਮਾਨਿਤ ਕਰ ਕੇ ਸਿੰਘ ਬਣਾਇਆ ਜਾਂਦਾ ਸੀ। ਕਿੰਨੀ ਦੁਖਦਾਈ ਗੱਲ ਹੈ ਕਿ ਇਹ ਵੀ ਹੁਕਮਨਾਮਾ ਜਾਰੀ ਹੋਇਆ ਕਿ ਬੱਜ-ਬੱਜ ਘਾਟ ’ਤੇ ਮਾਰੇ ਗਏ ਪੰਜਾਬੀ ਸਿੱਖ ਨਹੀਂ ਹਨ। ਇਹ ਸੀ ਸਿੱਖ ਪੁਜਾਰੀਆਂ ਦੀ ਅੰਗਰੇਜ਼ ਪ੍ਰਤੀ ਸ਼ਰਧਾ ਤੇ ਮਾਨਸਿਕਤਾ। ਅੰਗਰੇਜ਼ ਨੇ ਸਿੱਖਾਂ ਨੂੰ ਸਿੱਖੀ ਤੋਂ ਖ਼ਾਰਜ ਕਰਾਉਣ ਦੇ ਹੀ ਹੁਕਮਨਾਮੇ 1920 ਈ: ਤਕ ਜਾਰੀ ਕਰਵਾਏ। ਸੰਨ 1920 ਤੋਂ 1925 ਈ. ਤਕ ਗੁਰਦੁਆਰਿਆਂ ਦੀ ਆਜ਼ਾਦੀ ਲਈ ਇਕ ਵੱਡਾ ਸੰਘਰਸ਼ ਹੋਇਆ ਜੋ ਗ਼ਰੀਬ ਸਿੱਖ ਭਾਈਚਾਰੇ ਦੇ ਪ੍ਰਸ਼ਾਦ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪ੍ਰਵਾਨ ਨਾ ਕਰਨ ’ਤੇ ਆਰੰਭ ਹੋਇਆ ਸੀ। ਇਸ ਸੰਘਰਸ਼ ਵਿਚ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ। ਇਨ੍ਹਾਂ ਕੁਰਬਾਨੀਆਂ ਸਦਕਾ ਕੌਮ ਨੇ ਸਰਕਾਰ ਤੇ ਉਸ ਦੇ ਪਿੱਠੂਆਂ, ਮਹੰਤਾਂ ਤੇ ਸਰਬਰਾਹਾਂ ਤੋਂ ਗੁਰਦੁਆਰਾ ਪ੍ਰਬੰਧ ਲੈ ਲਿਆ। ਮਹਾਤਮਾ ਗਾਂਧੀ ਨੇ ਇਸ ਸੰਘਰਸ਼ ਦੀ ਸਫਲਤਾ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਦੀ ਜਿੱਤ ਆਖ ਕੇ ਸਿੱਖ ਆਗੂਆਂ ਨੂੰ ਵੀ ਰਾਜਨੀਤੀ ਵਿਚ ਆਪਣੇ ਨਾਲ ਜੋੜਨ ਦਾ ਯਤਨ ਕੀਤਾ। ਚੀਫ ਖ਼ਾਲਸਾ ਦੀਵਾਨ, ਅੰਗਰੇਜ਼ ਪ੍ਰਸਤ ਰਈਸਾਂ ਕੋਲ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਕਾਂਗਰਸ ਨਾਲ ਜੁੜ ਗਏ ਤੇ ਮੈਂਬਰ ਵੀ ਬਣ ਗਏ। ਗੁਰਦੁਆਰਾ ਪ੍ਰਬੰਧ ਨਵੇਂ ਕਾਨੂੰਨ ਤਹਿਤ ਲੋਕਲ ਕਮੇਟੀਆਂ ਹਵਾਲੇ ਹੋਇਆ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਸਰਪ੍ਰਸਤ ਸੀ। ਬਾਅਦ ਵਿਚ ਕੁਝ ਗੁਰਦੁਆਰਿਆਂ ਦਾ ਸਿੱਧਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠ ਕਰਨ ਦੇ ਸਰਕਾਰੀ ਹੁਕਮ ਵੀ ਜਾਰੀ ਹੋਏ। ਹੁਣ ਤਾਂ ਬਹੁਤੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆ ਚੁੱਕੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਹੋਈ ਮਰਿਆਦਾ ਕਮੇਟੀ ਦੇ ਤਿਆਰ ਕੀਤੇ ਖਰੜੇ ਦੀ ਜੇ ਭਾਈ ਨੰਦ ਲਾਲ ਜੀ, ਭਾਈ ਪ੍ਰਹਿਲਾਦ ਸਿੰਘ ਜੀ, ਭਾਈ ਦੇਸਾ ਸਿੰਘ, ਚੋਪਾ ਸਿੰਘ ਜੀ, ਭਾਈ ਦਇਆ ਸਿੰਘ ਜੀ ਆਦਿ ਦੇ ਰਹਿਤਨਾਮਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ ਗੁਰਮਤਿ ਮਰਿਆਦਾ ਦੇ ਫ਼ਲਸਫ਼ੇ ਤੋਂ ਦੂਰ ਕਰਮ-ਕਾਂਡ ਦੀ ਵਿਧੀ ਵੱਲ ਵੱਧ ਜ਼ੋਰ ਦਿੰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਦੀ ਵਿਲੱਖਣਤਾ ਹੀ ਨਹੀਂ ਰਹੀ ਤਾਂ ਦੂਜਿਆਂ ਨਾਲੋਂ ਫ਼ਰਕ ਕਿਵੇਂ ਪਤਾ ਲੱਗੇ? ਜਾਤ-ਪਾਤ ਰਹਿਤ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਸਪੁੱਤਰ ਤੇ ਸਪੁੱਤਰੀਆਂ ਦੀ ਜਾਤ ਵੱਖਰੀ ਕਿਵੇਂ ਹੋ ਗਈ? ਰਾਜਨੀਤਕ ਅੰਦੋਲਨਾਂ/ਮੋਰਚਿਆਂ ਰਾਹੀਂ ਕੌਮ ਦਾ ਸਰਮਾਇਆ ਰਾਜਨੀਤੀ ’ਚ ਲੱਗ ਗਿਆ ਜੋ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਕੰਮ ਆ ਸਕਦਾ ਸੀ। ਸੱਚ ਤਾਂ ਇਹ ਹੈ ਕਿ ਅਸੀਂ ਆਪਣੇ ਧਾਰਮਿਕ ਫ਼ਲਸਫ਼ੇ ਅਤੇ ਸਿੱਖੀ ਕਿਰਦਾਰ ਤੋਂ ਥਿੜਕ ਗਏ ਹਾਂ। ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿ-ਸੰਸਥਾ ਸੀ, ਦੇ ਆਗੂ 1925 ਈ. ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜ ਕੇ ਰਾਜਨੀਤੀ ਵਿਚ ਸਰਗਰਮ ਰਹੇ। ਅੱਜ ਸਿੱਖਾਂ ਦੀ ਸਿਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਸਿੱਖਾਂ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਹਿ ਸੰਸਥਾ ਬਣ ਗਈ ਹੈ। ਅੱਜ ਹਰ ਵਿਚਾਰਵਾਨ ਸਿੱਖ ਇਹ ਮਹਿਸੂਸ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਅਸਲ ਟੀਚੇ/ਉਦੇਸ਼ ਤੋਂ ਭਟਕ ਗਈ ਹੈ। ਸਿੱਖ ਫ਼ਲਸਫ਼ੇ ਦਾ ਪ੍ਰਚਾਰ-ਪ੍ਰਸਾਰ ਕਰਨ ਤੇ ਨਵੀਂ ਪੀੜ੍ਹੀ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੋੜੀ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾ ਕੋਈ ਰੋਡਮੈਪ ਹੈ ਅਤੇ ਸ਼ਾਇਦ ਨਾ ਹੀ ਇਸ ਦੀ ਕੋਈ ਪਹਿਲ ਹੈ। ਧਰਮ ਸਬੰਧੀ ਨਿਰਣੇ ਲੈਣ ਲਈ ਇਹ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲ ਹੀ ਵੇਖਦੀ ਨਜ਼ਰ ਆਉਂਦੀ ਹੈ। ਚਾਹੀਦਾ ਤਾਂ ਇਹ ਸੀ ਕਿ ਅਸੀਂ, ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਸਾਡੇ ਧਾਰਮਿਕ ਆਗੂ ਆਪਣੇ ਇਸ ਅਮੀਰ ਫ਼ਲਸਫ਼ੇ ਦਾ ਇਸ ਤਰ੍ਹਾਂ ਪ੍ਰਚਾਰ-ਪ੍ਰਸਾਰ ਕਰਦੇ ਕਿ ਅੱਜ ਵਿਸ਼ਵ ਵਿਚ ਸਿੱਖ ਫ਼ਲਸਫ਼ੇ ਦਾ ਪਰਚਮ ਲਹਿਰਾ ਰਿਹਾ ਹੁੰਦਾ ਪਰ ਸਥਿਤੀ ਉਲਟ ਬਣਦੀ ਜਾ ਰਹੀ ਹੈ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਪਰ ਅਸੀਂ ਅੱਜ ਵੀ ਇਸ ਸੱਚਾਈ ਦੇ ਰੂਬਰੂ ਹੋਣ ਤੋਂ ਮੁਨਕਰ ਹਾਂ। ਦੇਸ਼-ਵਿਦੇਸ਼ ਤੇ ਪੰਜਾਬ ਵਿਚ ਤਾਂ ਗੁਰਦੁਆਰਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ ਜਿੱਥੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੀ ਕੋਈ ਵਿਧੀ ਪ੍ਰਚਲਿਤ ਨਹੀਂ ਹੈ। ਫਲਸਰੂਪ, ਗੁਰਦੁਆਰਿਆਂ ਦੇ ਪ੍ਰਬੰਧਕ ਕੇਵਲ ਨਿੱਤ ਦੇ ਪੂਜਾ-ਪਾਠ ਤਕ ਹੀ ਸੀਮਤ ਹੋ ਰਹੇ ਹਨ। ਇਸੇ ਲਈ ਖਲਾਅ ਵਿਚ ਦੂਜੇ ਧਰਮਾਂ ਦੇ ਪ੍ਰਚਾਰਕ ਸਿੱਖ ਸੰਗਤ ਨੂੰ ਗੁਮਰਾਹ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ, ਜਿਸ ਲਈ ਇਕ ਨਵੀਂ ਸਿੰਘ ਸਭਾ ਦੀ ਤਰਜ ’ਤੇ ਸਮਾਜ ਨੂੰ ਜਾਗਿ੍ਰਤ ਕਰਨ ਤੇ ਅਗਵਾਈ ਕਰਨ ਦੀ ਲੋੜ ਹੈ ਤਾਂ ਜੋ ਇਸ ਅਣਖ ਤੇ ਆਨੰਦ ਦੇ ਨਿਰਮਲ ਫ਼ਲਸਫ਼ੇ ਨੂੰ ਅੱਗੇ ਤੋਰਿਆ ਜਾ ਸਕੇ ਤੇ ਕੇਂਦਰ ਸਰਕਾਰ ਨਾਲ ਗੱਲਬਾਤ ਰਾਹੀਂ ਕੌਮੀ ਮਸਲੇ ਸੁਲਝਾਏ ਜਾ ਸਕਣ। ਸੱਚੇ-ਦਿਲੋਂ ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਤੇ ਸੁਮੱਤ ਬਖ਼ਸ਼ਣ ਕਿ ਅਸੀਂ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਕੌਮ ਦੀ ਚੜ੍ਹਦੀ ਕਲਾ ਲਈ ਰਲ-ਮਿਲ ਕੇ ਨਾ ਕੇਵਲ ਸੋਚੀਏ ਬਲਕਿ ਆਪਣੀ ਬਣਦੀ ਭੂਮਿਕਾ ਵੀ ਅਦਾ ਕਰੀਏ।