ਜੌਨਪੁਰ, 18 ਅਪ੍ਰੈਲ (ਸ.ਬ.) ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਸਾਬਕਾ ਸੰਸਦ ਮੈਂਬਰ ਧਨੰਜੈ ਸਿੰਘ ਦੇ ਸਾਬਕਾ ਗਨਰ ਅਨੀਸ਼ ਖਾਨ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਗੁਆਂਢੀ ਅਤੇ ਉਸਦੇ ਦੋ ਦੋਸਤਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਖਾਨ ਦੀ ਮੰਗਲਵਾਰ ਸ਼ਾਮ ਨੂੰ ਹੱਤਿਆ ਕਰ ਦਿੱਤੀ ਗਈ ਸੀ। ਗੋਲੀ ਚਲਾਉਣ ਵਾਲਾ ਸਾਬਕਾ ਸੰਸਦ ਮੈਂਬਰ ਧਨੰਜੈ ਸਿੰਘ ਦਾ ਸਮਰਥਕ ਸੀ, ਜੋ ਹੁਣ ਜੇਲ੍ਹ ਵਿੱਚ ਹੈ
ਪੁਲਸ ਨੇ ਦੱਸਿਆ ਕਿ ਅਨੀਸ਼ ਖਾਨ ਦਾ ਮੰਗਲਵਾਰ ਨੂੰ ਆਪਣੇ ਗੁਆਂਢੀ ਪਾਂਡੂ ਨਾਲ ਝਗੜਾ ਹੋਇਆ ਸੀ ਅਤੇ ਬਾਅਦ ‘ਚ ਉਸ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਸ਼ਾਮ ਨੂੰ ਸਿਕਰਾਰਾ ਪੁਲਸ ਸਟੇਸ਼ਨ ਦੇ ਅਧੀਨ ਆਪਣੇ ਘਰ ਨੇੜੇ ਰਿਠੀ ਬਾਜ਼ਾਰ ਤੋਂ ਕੁਝ ਸਾਮਾਨ ਖਰੀਦਣ ਗਿਆ ਸੀ।
ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਸਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਨੀਕੇਤ ਅਤੇ ਪ੍ਰਿੰਸ ਦੇ ਰੂਪ ਵਿੱਚ ਪਛਾਣੇ ਗਏ ਦੋਸ਼ੀਆਂ ਨੂੰ ਅਨੀਸ਼ ਖਾਨ ਦੀ ਹੱਤਿਆ ਦੇ ਸਬੰਧ ਵਿੱਚ ਪਾਂਡੂ ਦੇ ਨਾਲ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਉਸ ਨੇ ਕਿਹਾ ਕਿ ਚਸ਼ਮਦੀਦਾਂ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਪਾਂਡੂ ਨੇ ਖਾਨ ‘ਤੇ ਗੋਲੀਆਂ ਚਲਾਈਆਂ ਜਦੋਂ ਕਿ ਦੋ ਹੋਰਾਂ ਨੇ ਉਸ ਨੂੰ ਕਈ ਵਾਰ ਚਾਕੂ ਮਾਰਿਆ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਤਿੰਨੋਂ ਫ਼ਰਾਰ ਹਨ ਅਤੇ ਪੁਲਿਸ ਟੀਮਾਂ ਭਾਲ ਲਈ ਛਾਪੇਮਾਰੀ ਕਰ ਰਹੀਆਂ ਹਨ