ਭੋਪਾਲ, 19 ਅਪ੍ਰੈਲ (ਏਜੰਸੀ)-ਕਾਂਗਰਸ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਆਪਣੇ ਬੇਟੇ, ਮੌਜੂਦਾ ਸੰਸਦ ਮੈਂਬਰ ਨਕੁਲ ਨਾਥ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸ਼ੁੱਕਰਵਾਰ ਨੂੰ ਛਿੰਦਵਾੜਾ ‘ਚ ਆਪਣੀ ਵੋਟ ਪਾਈ। ਨਕੁਲ ਨਾਥ ਮੱਧ ਪ੍ਰਦੇਸ਼ ਦੀ ਸਭ ਤੋਂ ਵੱਡੀ (ਖੇਤਰ ਅਨੁਸਾਰ) ਅਤੇ ਕਬਾਇਲੀ ਆਬਾਦੀ ਵਾਲੀ ਲੋਕ ਸਭਾ ਸੀਟ ਛਿੰਦਵਾੜਾ ਤੋਂ ਮੁੜ ਚੋਣ ਲੜ ਰਹੇ ਹਨ।
ਕਾਂਗਰਸ ਦੇ ਦਿੱਗਜ ਆਗੂ ਕਮਲਨਾਥ ਨੇ 9 ਵਾਰ ਛਿੰਦਵਾੜਾ ਦੀ ਨੁਮਾਇੰਦਗੀ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਨੇ 2019 ਵਿੱਚ ਚੋਣ ਜਿੱਤੀ।
ਇਸ ਚੋਣ ਵਿੱਚ ਛਿੰਦਵਾੜਾ ਵਿੱਚ ਦੋ ਰਾਸ਼ਟਰੀ ਪਾਰਟੀਆਂ – ਭਾਜਪਾ ਅਤੇ ਕਾਂਗਰਸ ਵਿਚਕਾਰ ਹਾਈਵੋਲਟੇਜ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਛਿੰਦਵਾੜਾ ਨੂੰ ਕਾਂਗਰਸ ਤੋਂ ਖੋਹਣ ਲਈ ਦ੍ਰਿੜ੍ਹ ਭਾਜਪਾ ਨੇ ਜ਼ੋਰਦਾਰ ਪ੍ਰਚਾਰ ਕੀਤਾ ਹੈ। ਕਮਲਨਾਥ ਦੇ ਕਈ ਸਹਿਯੋਗੀ ਭਾਜਪਾ ‘ਚ ਸ਼ਾਮਲ ਹੋ ਗਏ ਹਨ।
ਭਾਜਪਾ ਨੇ ਕਾਂਗਰਸ ਦੇ ਨਕੁਲ ਨਾਥ ਦੇ ਖਿਲਾਫ ਵਿਵੇਕ ਬੰਟੀ ਸਾਹੂ ਨੂੰ ਮੈਦਾਨ ‘ਚ ਉਤਾਰਿਆ ਹੈ। ਇਸ ਤੋਂ ਪਹਿਲਾਂ ਸਾਹੂ ਨੇ ਕਮਲਨਾਥ ਖਿਲਾਫ ਵਿਧਾਨ ਸਭਾ ਚੋਣ ਵੀ ਲੜੀ ਸੀ ਅਤੇ ਪਿਛਲੇ ਸਾਲ ਨਵੰਬਰ ‘ਚ ਹਾਰ ਗਏ ਸਨ।
ਛੇ ਲੋਕ ਸਭਾ ਸੀਟਾਂ ਛਿੰਦਵਾੜਾ, ਜਬਲਪੁਰ, ਮੰਡਲਾ, ਸਿੱਧੀ, ਸ਼ਾਹਡੋਲ ਅਤੇ ਬਾਲਾਘਾਟ ਵਿੱਚ ਵੋਟਿੰਗ 7 ਵਜੇ ਸ਼ੁਰੂ ਹੋਈ।