ਕੋਲਕਾਤਾ, 18 ਮਾਰਚ
ਸਮਾਜਵਾਦੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ ਸ਼ਨਿੱਚਰਵਾਰ ਨੂੰ ਕੋਲਕਾਤਾ ਵਿੱਚ ਸ਼ੁਰੂ ਹੋਈ, ਜਿਸ ਦੌਰਾਨ ਇਸ ਸਾਲ ਦੇ ਅਖ਼ੀਰ ਵਿੱਚ ਤਿੰਨ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀਆਂ ਨੀਤੀਆਂ ਅਤੇ ਰਣਨੀਤੀਆਂ ‘ਤੇ ਚਰਚਾ ਕੀਤੀ ਗਈ। ਕੋਲਕਾਤਾ ਵਿੱਚ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ 11 ਸਾਲ ਦੇ ਵਕਫ਼ੇ ਮਗਰੋਂ ਹੋ ਰਹੀ ਹੈ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮਰਹੂਮ ਮੁਲਾਇਮ ਸਿੰਘ ਯਾਦਵ ਕੋਲਕਾਤਾ ਵਿੱਚ ਪਿਛਲੀ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਇੱਥੇ ਪਹੁੰਚੇ ਸਨ। ਸਪਾ ਦੇ ਕੌਮੀ ਉਪ ਪ੍ਰਧਾਨ ਕਿਰਨਮੋਏ ਨੰਦਾ ਨੇ ਕਿਹਾ, ”ਅਸੀਂ ਇਸ ਸਾਲ ਦੇ ਅਖ਼ੀਰ ਵਿੱਚ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅਤੇ ਫਿਰ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ‘ਤੇ ਚਰਚਾ ਕਰਾਂਗੇ। ਮੀਟਿੰਗ ਮਗਰੋਂ ਪਾਰਟੀ ਸਿਆਸੀ ਮਤਾ ਪਾਸ ਕਰੇਗੀ।”
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਅਤੇ ਸਮਾਜਵਾਦੀ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਭਾਜਪਾ ਖ਼ਿਲਾਫ਼ ਮਿਲ ਕੇ ਲੜਨ ਦੀ ਸਹਿਮਤੀ ਜਤਾਈ ਸੀ ਅਤੇ ਕਾਂਗਰਸ ਨੂੰ ਅਜਿਹੇ ਕਿਸੇ ਵੀ ਗੱਠਜੋੜ ਤੋਂ ਬਾਹਰ ਰੱਖਣ ਦੀ ਗੱਲ ਕਹੀ ਸੀ। ਨੰਦਾ ਨੇ ਕਿਹਾ ਸੀ, ”ਇਹ ਫ਼ੈਸਲਾ ਕੀਤਾ ਗਿਆ ਹੈ ਕਿ ਤ੍ਰਿਣਮੂਲ ਅਤੇ ਸਪਾ ਭਾਜਪਾ ਦਾ ਮਿਲ ਕੇ ਮੁਕਾਬਲਾ ਕਰੇਗੀ। ਦੋਵੇਂ ਪਾਰਟੀਆਂ ਕਾਂਗਰਸ ਤੋਂ ਵੀ ਦੂਰੀ ਬਣਾਈ ਰੱਖਣਗੀਆਂ।” ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਬੀਤੇ ਦਿਨ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਅਤੇ ਕਾਂਗਰਸ ਨਾਲ ਇੱਕੋ ਜਿੰਨੀ ਦੂਰੀ ਬਣਾ ਕੇ ਰੱਖਣ ਦੀ ਨੀਤੀ ਦਾ ਪਾਲਣ ਕਰ ਰਹੀ ਹੈ। -ਪੀਟੀਆਈ