ਖ਼ਾਲਸਾ ਪੰਥ ਦੇ ਜਾਹੋ ਜਲਾਲ ਅਤੇ ਨਿਆਰੇਪਣ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਸੰਪੂਰਨਤਾ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਖ਼ਾਲਸਾਈ ਰਵਾਇਤਾਂ ਅਨੁਸਾਰ ਪੰਜ ਪਿਆਰਿਆਂ ਦੀ ਅਗਵਾਈ ‘ਚ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਦੀ ਗੂੰਜ ‘ਚ ਮਹੱਲਾ ਸਜਾਇਆ ਗਿਆ।
ਤਖ਼ਤ ਸਾਹਿਬ ਵਿਖੇ ਧਾਰਮਿਕ ਸਮਾਗਮ ‘ਚ ਕੌਮ ਦੇ ਨਾਂਅ ‘ਤੇ ਸੰਦੇਸ਼ ਜਾਰੀ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਜੀ ਨੇ 1700 ਈ: ‘ਚ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ ਆਰੰਭ ਕੀਤੇ ਹੋਲੇ ਮਹੱਲੇ ਦੀ ਰਵਾਇਤ ਨਾਲ ਖ਼ਾਲਸਾ ਪੰਥ ਨੂੰ ਜ਼ੁਲਮ ਅਤੇ ਜਬਰ ਦਾ ਟਾਕਰਾ ਕਰਨ ਲਈ ਤਿਆਰ ਕੀਤਾ ਸੀ ਤੇ ਖ਼ਾਲਸਾਈ ਫ਼ੌਜਾਂ ਦੇ ਦੋ ਮਨਸੂਈ ਦਲ ਬਣਾ ਕੇ ਜੰਗੀ ਅਭਿਆਸ ਸ਼ੁਰੂ ਕੀਤੇ ਤੇ ਜੇਤੂ ਦਲਾਂ ਨੂੰ ਗੁਰੂ ਸਾਹਿਬ ਜੀ ਸਿਰੋਪਾਉ ਦੀ ਬਖਸ਼ਿਸ਼ ਕਰਦੇ ਸਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਪਾਵਨ ਮੌਕੇ ਗੁਰੂ ਸਾਹਿਬ ਜੀ ਦੇ ਜੀਵਨ ਫ਼ਲਸਫ਼ੇ ਅਨੁਸਾਰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਅੰਮ੍ਰਿਤਧਾਰੀ ਬਣੋ।