ਕੋਰੋਨਾ ਦੀ ਦੂਜੀ ਲਹਿਰ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੇ ਵੈਕਸੀਨ ਉਤਪਾਦਕਾਂ ਦੇ ਨਾਲ ਬੈਠਕ ਕੀਤੀ | ਵੀਡੀਉ ਕਾਨਫਰੰਸਿੰਗ ਜ਼ਰੀਏ ਹੋਈ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਪਾਦਕਾਂ ਨੂੰ ਕਿਹਾ ਕਿ ਹੁਣ ਸਰਕਾਰ ਨੇ ਇਕ ਮਈ ਤੋਂ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ |
ਅਜਿਹੇ ‘ਚ ਵੈਕਸੀਨ ਨਿਰਮਾਤਾਵਾਂ ਨੂੰ ਘੱਟ ਸਮੇਂ ‘ਚ ਆਪਣਾ ਉਤਪਾਦਨ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਹੱਦ ਘੱਟ ਸਮੇਂ ‘ਚ ਸਸਤੀ ਵੈਕਸੀਨ ਦੇਸ਼ ‘ਚ ਬਣਾਈ ਗਈ | ਮਿਸ਼ਨ ਕੋਵਿਡ ਸੁਰੱਖਿਆ ਤਹਿਤ ਨਿੱਜੀ ਅਤੇ ਸਰਕਾਰ ਦਰਮਿਆਨ ਸਹਿਯੋਗ ਦੇਖਣ ਨੂੰ ਮਿਲਿਆ | ਸਰਕਾਰ ਵੈਕਸੀਨ ਨਿਰਮਾਤਾਵਾਂ ਨੂੰ ਪੂਰੀ ਮਦਦ ਦੇਵੇਗੀ ਅਤੇ ਫ਼ਿਲਹਾਲ ਟਰਾਇਲ ਫ਼ੇਜ਼ ‘ਚੋਂ ਲੰਘ ਰਹੀ ਵੈਕਸੀਨ ਨੂੰ ਵੀ ਜਲਦੀ ਇਜਾਜ਼ਤ ਦੇਣ ‘ਚ ਸਹਿਯੋਗ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਟੀਕਾਕਰਨ ਮੁਹਿੰਮ ‘ਚ ਨਿੱਜੀ ਸੈਕਟਰ ਵੀ ਜ਼ਿਆਦਾ ਸਰਗਰਮ ਭੂਮਿਕਾ ਨਿਭਾਏਗਾ ਅਤੇ ਇਸ ਲਈ ਹਸਪਤਾਲਾਂ ਅਤੇ ਉਦਯੋਗ ਦਰਮਿਆਨ ਬਿਹਤਰ ਤਾਲਮੇਲ ਦੀ ਜ਼ਰੂਰਤ ਹੋਵੇਗੀ | ਉਨ੍ਹਾਂ ਕਿਹਾ ਕਿ ਸਾਡੇ ਨਿੱਜੀ ਸੈਕਟਰ ਦੇ ਸਿਹਤ ਢਾਂਚੇ ਨੇ ਦੇਸ਼ ਦੀ ਕੋਰੋਨਾ ਵਿਰੁੱਧ ਲੜਾਈ ‘ਚ ਵੱਡੀ ਭੂਮਿਕਾ ਨਿਭਾਈ ਹੈ | ਉਨ੍ਹਾਂ ਨੇ ਨਵੀਂ ਵੈਕਸੀਨ ਵਿਕਸਿਤ ਕਰਨ ‘ਚ ਭਾਰਤੀ ਵਿਗਿਆਨੀਆਂ ਵਲੋਂ ਕੀਤੇ ਯਤਨਾਂ ਅਤੇ ਅਧਿਐਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ | ਮੋਦੀ ਨੇ ਕਿਹਾ ਕਿ ਭਾਰਤੀ ਵੈਕਸੀਨ ਉਦਯੋਗ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਸਮਰੱਥਾ, ਸਰੋਤ ਅਤੇ ਸੇਵਾ ਭਾਵ ਹਨ ਅਤੇ ਇਹ ਹੀ ਉਨ੍ਹਾਂ ਨੂੰ ਵਿਸ਼ਵ ‘ਚ ਵੈਕਸੀਨ ਦੇ ਖੇਤਰ ‘ਚ ਮੋਹਰੀ ਬਣਾਉਂਦੀਆਂ ਹਨ | ਵੈਕਸੀਨ ਨਿਰਮਾਤਾਵਾਂ ਨੇ 18 ਸਾਲ ਤੋਂ ਉੱਪਰ ਦੇ ਹਰ ਵਿਅਕਤੀ ਦੇ ਟੀਕਾਕਰਨ ਦੀ ਦਿੱਤੀ ਇਜਾਜ਼ਤ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਸਰਕਾਰ ਵਲੋਂ ਉਨ੍ਹਾਂ ਨੂੰ ਮਿਲੇ ਸਹਿਯੋਗ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ |