ਨਵੀਂ ਦਿੱਲੀ, 6 ਮਈ (ਏਜੰਸੀ) : ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕਾਂਗਰਸ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪੁਣਛ ‘ਚ ਅੱਤਵਾਦੀ ਹਮਲੇ ‘ਤੇ ਕੀਤੀ ਟਿੱਪਣੀ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ‘ਘਿਣਾਉਣੀ ਤੇ ਸ਼ਰਮਨਾਕ’ ਕਰਾਰ ਦਿੱਤਾ। .ਮੰਤਰੀ, ਜਿਸ ਕੋਲ ਖੇਡ ਅਤੇ ਯੁਵਾ ਮਾਮਲਿਆਂ ਦਾ ਵਿਭਾਗ ਵੀ ਹੈ, ਨੇ ਕਿਹਾ ਕਿ ਕਾਂਗਰਸ ਨੇ ਜਵਾਨਾਂ ਦੀ ਬਹਾਦਰੀ ਦਾ ਅਪਮਾਨ ਕਰਨਾ ਅਤੇ ਅੱਤਵਾਦੀਆਂ ਨੂੰ ਮਾਰਨ ਦੀ ਉਨ੍ਹਾਂ ਦੀ ਯੋਗਤਾ ‘ਤੇ ਸਵਾਲ ਉਠਾ ਕੇ ਫੌਜੀਆਂ ਦੇ ਮਨੋਬਲ ਨੂੰ ਘਟਾਉਣ ਦੀ ਆਦਤ ਬਣਾ ਲਈ ਹੈ।
“ਕਾਂਗਰਸ ਕਦੇ ਵੀ ਹਥਿਆਰਬੰਦ ਬਲਾਂ ਦੇ ਨਾਲ ਨਹੀਂ ਖੜ੍ਹੀ। ਇਸ ਨੇ ਹਮੇਸ਼ਾ ਉਨ੍ਹਾਂ ‘ਤੇ ਉਂਗਲ ਉਠਾਈ ਅਤੇ ਸਰਜੀਕਲ ਸਟ੍ਰਾਈਕ, ਬਾਲਾਕੋਟ ਏਅਰਸਟ੍ਰਾਈਕ ਅਤੇ ਡੋਕਲਾਮ ਸਮੇਤ ਕਈ ਆਪਰੇਸ਼ਨਾਂ ਦੇ ਸਬੂਤ ਮੰਗੇ। ਸਾਡੇ ਜਵਾਨਾਂ ਦੀ ਬਹਾਦਰੀ ਦਾ ਅਪਮਾਨ ਕਰਨਾ ਇਸਦੀ ਆਦਤ ਬਣ ਗਈ ਹੈ, ”ਅਨੁਰਾਗ ਠਾਕੁਰ ਨੇ ਚੰਨੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਅੱਤਵਾਦੀ ਹਮਲਾ ਭਾਜਪਾ ਦਾ ‘ਪੋਲ ਸਟੰਟ’ ਸੀ।
ਕੇਂਦਰੀ ਮੰਤਰੀ ਨੇ ਕਾਂਗਰਸ ਦੇ ਰਾਜ ਦੌਰਾਨ ਰੱਖਿਆ ਖੇਤਰ ਵਿੱਚ ਭ੍ਰਿਸ਼ਟਾਚਾਰ ਦੇ ਕਈ ਉੱਚ-ਪ੍ਰੋਫਾਈਲ ਮਾਮਲਿਆਂ ਦੀ ਵੀ ਗਿਣਤੀ ਕੀਤੀ।