*ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਨੂੰ ਵੀ ਛੱਡਿਆ ਪਿੱਛੇ*
ਨਵੀਂ ਦਿੱਲੀ : ਟੀਮ ਇੰਡੀਆ ਦੇ ਕਿੰਗ ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ ਹੈ। ਏਸ਼ੀਆ ਕੱਪ
ਦੇ ਸੁਪਰ-4 ਮੈਚ ‘ਚ ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਸ਼ਾਨਦਾਰ ਪਾਰੀ ਖੇਡਦੇ ਹੋਏ
ਸੈਂਕੜਾ ਲਗਾਇਆ ਅਤੇ ਇਸ ਦੇ ਨਾਲ ਹੀ ਉਸ ਨੇ ਵਨਡੇ ਕ੍ਰਿਕਟ ‘ਚ ਆਪਣੀਆਂ 13 ਹਜ਼ਾਰ ਦੌੜਾਂ ਵੀ
ਪੂਰੀਆਂ ਕਰ ਲਈਆਂ। ਵਿਰਾਟ ਕੋਹਲੀ ਨੇ ਇਸ ਮਾਮਲੇ ‘ਚ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ
ਦਿੱਤਾ ਹੈ ਅਤੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣਾ 77ਵਾਂ ਸੈਂਕੜਾ ਵੀ ਲਗਾਇਆ ਹੈ। ਵਿਰਾਟ
ਕੋਹਲੀ ਨੇ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ‘ਚ ਪਾਕਿਸਤਾਨ ਖਿਲਾਫ 84 ਗੇਂਦਾਂ ‘ਚ ਆਪਣਾ
ਸੈਂਕੜਾ ਪੂਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 2 ਛੱਕੇ ਲਗਾਏ। ਵਿਰਾਟ ਕੋਹਲੀ
ਨੇ ਕੇਐੱਲ ਰਾਹੁਲ ਨਾਲ ਮਿਲ ਕੇ 200 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਪਾਕਿਸਤਾਨ
ਨੂੰ ਪੂਰੀ ਤਰ੍ਹਾਂ ਬੈਕਫੁੱਟ ‘ਤੇ ਧੱਕ ਦਿੱਤਾ। ਵਨਡੇ ਕ੍ਰਿਕਟ ‘ਚ ਵਿਰਾਟ ਕੋਹਲੀ ਦਾ ਇਹ
47ਵਾਂ ਸੈਂਕੜਾ ਹੈ, ਜਦਕਿ ਵਿਰਾਟ ਕੋਹਲੀ ਦੇ ਹੁਣ ਅੰਤਰਰਾਸ਼ਟਰੀ ਕ੍ਰਿਕਟ ‘ਚ 77 ਸੈਂਕੜੇ
ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ ‘ਚ ਸਭ ਤੋਂ ਤੇਜ਼ 13 ਹਜ਼ਾਰ ਦੌੜਾਂ
ਬਣਾਉਣ ਦਾ ਰਿਕਾਰਡ ਵੀ ਬਣਾ ਲਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਮਹਾਨ ਭਾਰਤੀ ਖਿਡਾਰੀ
ਸਚਿਨ ਤੇਂਦੁਲਕਰ ਦੇ ਨਾਂ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਚਿਨ ਅਤੇ ਕੋਹਲੀ ਵਿਚਾਲੇ 54
ਪਾਰੀਆਂ ਦਾ ਫਰਕ ਹੈ। ਵਿਰਾਟ ਕੋਹਲੀ ਪਹਿਲਾਂ ਹੀ ਸਭ ਤੋਂ ਤੇਜ਼ 10 ਹਜ਼ਾਰ, 11 ਹਜ਼ਾਰ ਅਤੇ
12 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।
—————
ਵਨਡੇ ‘ਚ ਸਭ ਤੋਂ ਤੇਜ਼ 13 ਹਜ਼ਾਰ ਦੌੜਾਂ (ਪਾਰੀਆਂ)
ਵਿਰਾਟ ਕੋਹਲੀ- 267 ਪਾਰੀਆਂ
ਸਚਿਨ ਤੇਂਦੁਲਕਰ- 321 ਪਾਰੀਆਂ
ਰਿਕੀ ਪੋਂਟਿੰਗ- 341 ਪਾਰੀਆਂ
ਕੁਮਾਰ ਸੰਗਾਕਾਰਾ- 363 ਪਾਰੀਆਂ
ਸਨਥ ਜੈਸੂਰੀਆ- 416 ਪਾਰੀਆਂ
ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ
ਸਚਿਨ ਤੇਂਦੁਲਕਰ- 18426 ਦੌੜਾਂ
ਕੁਮਾਰ ਸੰਗਾਕਾਰਾ- 14234 ਦੌੜਾਂ
ਰਿਕੀ ਪੋਂਟਿੰਗ- 13704 ਦੌੜਾਂ
ਸਨਥ ਜੈਸੂਰੀਆ- 13430 ਦੌੜਾਂ
ਵਿਰਾਟ ਕੋਹਲੀ- 13000 ਦੌੜਾਂ
ਵਿਰਾਟ ਕੋਹਲੀ ਦੇ ਕੁੱਲ ਸੈਂਕੜੇ
ਟੈਸਟ: 29
ਵਨਡੇ : 47
ਟੀ-20: 01