ਨਵੀਂ ਦਿੱਲੀ, 26 ਮਾਰਚ
ਸੁਪਰੀਮ ਕੋਰਟ ਵਿੱਚ ਇਕ ਪਟੀਸ਼ਨ ਦਾਇਰ ਕਰ ਕੇ ‘ਰਾਮ ਸੇਤੂ’ ਨੂੰ ਕੌਮੀ ਯਾਦਗਾਰ ਐਲਾਨੇ ਜਾਣ ਦੀ ਅਪੀਲ ਕੀਤੀ ਗਈ ਹੈ। ਵਕੀਲ ਅਸ਼ੋਕ ਪਾਂਡੇ ਵੱਲੋਂ ਦਾਇਰ ਜਨਹਿੱਤ ਪਟੀਸ਼ਨ ਵਿੱਚ ਸ਼ਰਧਾਲੂਆਂ ਦੀ ਸੁਵਿਧਾ ਲਈ ਉੱਥੇ ਕੰਧ ਉਸਾਰਨ ਦਾ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ ਗਈ ਹੈ। ਸਿਖਰਲੀ ਅਦਾਲਤ ਨੇ 20 ਮਾਰਚ ਨੂੰ ਕਿਹਾ ਸੀ ਕਿ ਉਹ ਇਸ ਪਟੀਸ਼ਨ ਨੂੰ ਜਲਦੀ ਹੀ ਭਾਜਪਾ ਆਗੂ ਸੁਬਰਾਮਨੀਅਨ ਸਵਾਮੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਨਾਲ ਸੂਚੀਬੱਧ ਕਰੇਗੀ, ਜਿਸ ਰਾਹੀਂ ਕੇਂਦਰ ਨੂੰ ਰਾਮ ਸੇਤੂ ਨੂੰ ਕੌਮੀ ਵਿਰਾਸਤੀ ਯਾਦਗਾਰ ਐਲਾਨੇ ਜਾਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਰਾਮ ਸੇਤੂ ਨੂੰ ‘ਆਦਮ ਪੁਲ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਰਾਮ ਸੇਤੂ ਤਾਮਿਲਨਾਡੂ ਦੇ ਦੱਖਣ-ਪੂਰਬੀ ਤੱਟ ਕੋਲ ਪੰਬਨ ਦੀਪ ਤੋਂ ਲੈ ਕੇ ਸ੍ਰੀਲੰਕਾ ਦੇ ਉੱਤਰ-ਪੱਛਮੀ ਤੱਟ ਨੇੜੇ ਮੰਨਾਰ ਦੀਪ ਤੱਕ ਚੂਨਾ ਪੱਥਰ ਦੀਆਂ ਚੱਟਾਨਾਂ ਦੀ ਲੜੀ ਹੈ। -ਪੀਟੀਆਈ