ਜੈਪੁਰ, 19 ਅਪ੍ਰੈਲ (ਸ.ਬ.) ਰਾਜਸਥਾਨ ਵਿੱਚ ਸ਼ੁੱਕਰਵਾਰ ਨੂੰ 12 ਲੋਕ ਸਭਾ ਸੀਟਾਂ ਉੱਤੇ ਪਹਿਲੇ ਪੜਾਅ ਦੀਆਂ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਰਾਜਸਥਾਨ ਦੇ ਮੁੱਖ ਸਕੱਤਰ ਸੁਧਾਂਸ਼ੂ ਪੰਤ ਆਪਣੀ ਵੋਟ ਪਾਉਣ ਵਾਲੇ ਪਹਿਲੇ 50 ਵੋਟਰਾਂ ਵਿੱਚੋਂ ਸਨ। ਉਹ ਸਵੇਰੇ 7 ਵਜੇ ਵੋਟਰਾਂ ਦੀ ਕਤਾਰ ਵਿੱਚ ਸ਼ਾਮਲ ਹੋਏ ਅਤੇ ਆਪਣੀ ਵੋਟ ਪਾਈ।
ਇਸ ਮੌਕੇ ਉਨ੍ਹਾਂ ਕਿਹਾ ਕਿ ‘ਪਹਿਲੇ ਮਤਦਾਨ, ਫਿਰ ਜਲਪਣ’ ਦੀ ਚੋਣ ਕਮਿਸ਼ਨ ਦੀ ਅਪੀਲ ਦੇ ਚੱਲਦਿਆਂ ਮੈਂ ਸਵੇਰੇ 7 ਵਜੇ ਆਪਣੀ ਵੋਟ ਪਾਉਣ ਆਇਆ ਹਾਂ, ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲੋਕਾਂ ਦੇ ਭਲੇ ਲਈ ਕਰੀਏ। ਮੈਂ ਦੇਸ਼ ਦੇ ਹਰੇਕ ਨਾਗਰਿਕ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕਰਦਾ ਹਾਂ।
ਭਾਜਪਾ ਵਿਧਾਇਕ ਗੋਪਾਲ ਸ਼ਰਮਾ ਨੇ ਵੀ ਜੈਪੁਰ ਦੇ ਸਿਵਲ ਲਾਈਨ ਤੋਂ ਆਪਣੀ ਵੋਟ ਪਾਈ।
12 ਸੰਸਦੀ ਹਲਕਿਆਂ- ਸ਼੍ਰੀ ਗੰਗਾਨਗਰ, ਬੀਕਾਨੇਰ, ਚੁਰੂ, ਝੁੰਝੁਨੂ, ਸੀਕਰ, ਜੈਪੁਰ ਗ੍ਰਾਮੀਣ, ਜੈਪੁਰ, ਅਲਵਰ, ਭਰਤਪੁਰ, ਕਰੌਲੀ-ਧੌਲਪੁਰ, ਦੌਸਾ ਅਤੇ ਨਾਗੌਰ ਵਿੱਚ ਵੋਟਿੰਗ ਹੋ ਰਹੀ ਹੈ।
ਪਹਿਲੇ ਪੜਾਅ ਵਿੱਚ ਭਾਜਪਾ ਦੇ ਦੋ ਕੇਂਦਰੀ ਮੰਤਰੀ ਬੀਕਾਨੇਰ ਤੋਂ ਅਰਜੁਨਰਾਮ ਮੇਘਵਾਲ ਅਤੇ ਅਲਵਰ ਤੋਂ ਭੂਪੇਂਦਰ ਯਾਦਵ ਚੋਣ ਲੜ ਰਹੇ ਹਨ।