ਭੋਪਾਲ, 26 ਮਾਰਚ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ 200 ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਇੱਥੇ ਸੂਬੇ ਦੀ ਰਾਜਧਾਨੀ ਵਿੱਚ ਭਾਜਪਾ ਦਫ਼ਤਰ ਦੀ ਨੀਂਹ ਰੱਖਣ ਮਗਰੋਂ ਸੰਬੋਧਨ ਕਰਦਿਆਂ ਕਿਹਾ, ”ਭਾਜਪਾ ਕੇਡਰ ਵੱਲੋਂ ਕੀਤਾ ਗਿਆ ਮੇਰਾ ਨਿੱਘਾ ਸਵਾਗਤ ਦਰਸਾਉਂਦਾ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ 200 ਤੋਂ ਵੱਧ ਸੀਟਾਂ ਜਿੱਤੇਗੀ।” ਕਮਲਾਪਤੀ ਰੇਲਵੇ ਸਟੇਸ਼ਨ ਨੇੜੇ ਸਥਿਤ ਅਰੇਰਾ ਕਲੋਨੀ ਖੇਤਰ ਵਿੱਚ ਇੱਕ ਪੁਰਾਣੀ ਇਮਾਰਤ ਦੀ ਥਾਂ ‘ਤੇ 10 ਮੰਜ਼ਿਲਾ ਆਧੁਨਿਕ ਦਫ਼ਤਰ ਕੰਪਲੈਕਸ ਬਣਾਇਆ ਜਾਵੇਗਾ, ਜਿਸ ਨੂੰ ਭਾਜਪਾ ਨੇ ਪਹਿਲਾਂ ਢਾਹ ਦਿੱਤਾ ਸੀ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਭਾਜਪਾ ਦੇ ਸੂਬਾਈ ਪ੍ਰਧਾਨ ਵੀਡੀ ਸ਼ਰਮਾ ਦੀ ਮੌਜੂਦਗੀ ਵਿੱਚ ਪੰਡਿਤਾਂ ਦੇ ਸਮੂਹ ਨੇ ਭੂਮੀਪੂਜਨ ਦੀਆਂ ਰਸਮਾਂ ਨਿਭਾਈਆਂ। ਇਸ ਮੌਕੇ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ, ਜਯੋਤਿਰਦਿਤਿਆ ਸਿੰਧੀਆ, ਵੀਰੇਂਦਰ ਕੁਮਾਰ ਅਤੇ ਪ੍ਰਤਿਭਾ ਪਾਟਿਲ ਵੀ ਹਾਜ਼ਰ ਸਨ। -ਪੀਟੀਆਈ