ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਨੇ ਵੋਟ ਬੈਂਕ ਦੀ ਰਾਜਨੀਤੀ ਲਈ ਕਦੀ ਵੀ ਲੋਕ ਲੁਭਾਉਣੇ ਫ਼ੈਸਲੇ ਨਹੀਂ ਕੀਤੇ ਬਲਕਿ ਉਨ੍ਹਾਂ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਤੇ ਦੇਸ਼ ‘ਚ ਸਿਆਸੀ ਸਥਿਰਤਾ ਯਕੀਨੀ ਬਣਾਈ। ਉਦਯੋਗਿਕ ਸੰਸਥਾ ਐਸੋਚੈਮ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਅੱਜ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਟੀਮ ਇੰਡੀਆ’ ਦੀ ਧਾਰਨਾ ਨੂੰ ਅਮਲ ‘ਚ ਲਿਆਂਦਾ। ਇਹੀ ਵਜ੍ਹਾ ਹੈ ਕਿ ਲੰਘੇ ਨੌਂ ਸਾਲਾਂ ਦੌਰਾਨ ਹਰ ਖੇਤਰ ‘ਚੋਂ ਚੰਗੇ ਨਤੀਜੇ ਸਾਹਮਣੇ ਆਏ ਹਨ। ਸ਼ਾਹ ਨੇ ਕਿਹਾ, ‘ਜਦੋਂ ਅਸੀਂ ਫ਼ੈਸਲੇ ਲੈਂਦੇ ਹਾਂ ਤਾਂ ਸਾਡੇ ਸਾਹਮਣੇ ਦੇਸ਼ ਜਾਂ ਬਾਹਰੀ ਖੇਤਰ ਦੀ ਬਿਹਤਰੀ ਦੀ ਗੱਲ ਹੁੰਦੀ ਹੈ। ਅਸੀਂ ਵੋਟ ਬੈਂਕ ਨੂੰ ਧਿਆਨ ‘ਚ ਰੱਖ ਕੇ ਫ਼ੈਸਲੇ ਨਹੀਂ ਲੈਂਦੇ। ਅਜਿਹਾ ਹੁੰਦਾ ਤਾਂ ਇਸ ਦੇਸ਼ ‘ਚ ਕਦੀ ਵੀ ਜੀਐੱਸਟੀ ਨਹੀਂ ਆਉਂਦਾ। ਅਸੀਂ ਜਾਣਦੇ ਹਾਂ ਕਿ ਦੇਸ਼ ‘ਚ ਅਜਿਹੇ ਲੋਕ ਵੱਡੀ ਗਿਣਤੀ ‘ਚ ਹਨ ਜੋ ਜੀਐੱਸਟੀ ਦਾ ‘ਗੱਬਰ ਸਿੰਘ ਟੈਕਸ’ ਕਹਿ ਕੇ ਮਜ਼ਾਕ ਉਡਾਉਂਦੇ ਹਨ ਪਰ ਅਸੀਂ ਇਸ ‘ਤੇ ਕਦੀ ਧਿਆਨ ਨਹੀਂ ਦਿੱਤਾ।’ -ਪੀਟੀਆਈ