ਨਵੀਂ ਦਿੱਲੀ, 26 ਮਾਰਚ
ਭਾਰਤ ਦੀ ਨਿਖਤ ਜ਼ਰੀਨ ਤੇ ਲਵਲੀਨਾ ਬੋਰਗੋਹੇਨ ਨੇ ਇੱਥੇ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਜਿੱਤੇ ਹਨ। ਨਿਖਤ ਨੇ 50 ਕਿੱਲੋ ਭਾਰ ਵਰਗ ਦੇ ਫਾਈਨਲ ਵਿੱਚ ਵੀਅਤਨਾਮ ਦੀ ਗੁਏਨ ਥੀ ਤਾਮ ਨੂੰ 5-0 ਨਾਲ ਹਰਾਇਆ ਜਦਕਿ ਲਵਲੀਨਾ ਬੋਰਗੋਹੇਨ ਨੇ 75 ਕਿੱਲੋ ਭਾਰ ਵਰਗ ਵਿੱਚ ਆਸਟਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਮਾਤ ਦਿੱਤੀ। ਨਿਖਤ ਜ਼ਰੀਨ ਦੇ ਇਹ ਦੂਜਾ ਵਿਸ਼ਵ ਖ਼ਿਤਾਬ ਹੈ। ਐੱਮ.ਸੀ. ਮੈਰੀਕੌਮ ਤੋਂ ਬਾਅਦ ਨਿਖਤ ਜ਼ਰੀਨ ਦੋ ਵਾਰ ਇਹ ਵੱਕਾਰੀ ਖ਼ਿਤਾਬ ਜਿੱਤਣ ਵਾਲੀ ਦੂਜੀ ਭਾਰਤੀ ਮੁੱਕੇਬਾਜ਼ ਬਣ ਗਈ ਹੈ। ਦੱਸਣਯੋਗ ਹੈ ਸ਼ਨਿਚਰਵਾਰ ਨੂੰ ਭਾਰਤੀ ਦੀ ਨੀਤੂ ਘਣਗਸ (48 ਕਿੱਲੋ ਭਾਰ ਵਰਗ) ਅਤੇ ਸਵੀਟੀ ਬੂਰਾ (81 ਕਿੱਲੋ ਭਾਰ ਵਰਗ) ਵਿੱਚ ਵਿਸ਼ਵ ਚੈਂਪੀਅਨ ਬਣੀਆਂ ਸਨ। –ਪੀਟੀਆਈ
ਲਵਲੀਨਾ ਬੋਰਗੋਹੇਨ ਨੂੰ ਜੇਤੂ ਐਲਾਨਦਾ ਹੋਇਆ ਰੈਫਰੀ।
ਨਿਖਤ ਜ਼ਰੀਨ ਨੂੰ ਜੇਤੂ ਐਲਾਨਦਾ ਹੋਈ ਰੈਫਰੀ।