ਕੋਲਕਾਤਾ, 27 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਕਿਹਾ ਕਿ ਉਹ ਉਤਰੀ ਕੋਲਕਾਤਾ ਵਿੱਚ ਜੋਰਾਸਾਂਕੋ ਠਾਕੁਰਬਾੜੀ ‘ਚ ਸਥਿਤ ਨੋਬਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਦੇ ਪੁਸ਼ਤੈਨੀ ਘਰ ਦਾ ਦੌਰਾ ਕਰ ਕੇ ਬੇਹੱਦ ਖੁਸ਼ ਹਨ।
ਰਾਬਿੰਦਰ ਭਾਰਤੀ ਯੂਨੀਵਰਸਿਟੀ ਦੇ ਰਜਿਸਟਰਾਰ ਸੁਬੀਰ ਮੋਹਿਤਰਾ ਨੇ ਦੱਸਿਆ ਕਿ ਮੁਰਮੂ ਨੇ ਉਨ੍ਹਾਂ ਕਮਰਿਆਂ ਦੇ ਦਰਸ਼ਨ ਵੀ ਕੀਤੇ ਜਿੱਥੇ ਟੈਗੋਰ ਨੇ ਜਨਮ ਅਤੇ ਆਖ਼ਰੀ ਸਾਹ ਲਿਆ ਸੀ। ਉਨ੍ਹਾਂ ਉਹ ਥਾਂ ਵੀ ਦੇਖੀ ਜਿੱਥੇ ਟੈਗੋਰ ਨੇ ਆਪਣਾ ਜ਼ਿਆਦਾਤਰ ਸਮਾਂ ਬਿਤਾਇਆ। ਰਾਸ਼ਟਰਪਤੀ ਨੇ ਦਹਾਕਿਆਂ ਪੁਰਾਣੀ ਵਿਰਾਸਤ ਦੀ ਸੁਚੱਜੀ ਸਾਂਭ-ਸੰਭਾਲ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਪੱਛਮੀ ਬੰਗਾਲ ਦੀ ਦੋ ਰੋਜ਼ਾ ਫੇਰੀ ‘ਤੇ ਆਏ ਰਾਸ਼ਟਰਪਤੀ ਨੇ ਸ਼ਹਿਰ ਵਿਚਲੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪੁਸ਼ਤੈਨੀ ਘਰ ਦਾ ਵੀ ਦੌਰਾ ਕੀਤਾ ਅਤੇ ਆਜ਼ਾਦੀ ਘੁਲਾਟੀਏ ਨੂੰ ਸ਼ਰਧਾਂਜਲੀ ਭੇਟ ਕੀਤੀ। ਯੂਨੀਵਰਸਿਟੀ ਅਥਾਰਿਟੀ ਵੱਲੋਂ ਉਨ੍ਹਾਂ ਨੂੰ ਟੈਗੋਰ ਦੇ ਚਾਰ ਪ੍ਰਕਾਸ਼ਨ ਅਤੇ ਤਸਵੀਰ ਭੇਟ ਕੀਤੀ ਗਈ। ਇਸ ਮੌਕੇ ਮੁਰਮੂ ਨਾਲ ਰਾਜਪਾਲ ਸੀ ਵੀ ਅਨੰਦਾ ਬੋਸ ਵੀ ਨਾਲ ਸਨ। ਰਾਸ਼ਟਰਪਤੀ ਮੁਰਮੂੁ ਦਾ ਮੁੱਖ ਮੰਤਰੀ ਮਮਤਾ ਬੈਨਰਜੀ, ਸੂਬਾਈ ਮੰਤਰੀਆਂ ਬਰੱਤਿਆ ਬਾਸੂ ਅਤੇ ਸ਼ਸ਼ੀ ਪੰਜਾ ਵੱਲੋਂ ਜੋਰਾਸਾਂਕੋ ਠਾਕੁਰਬਾੜੀ ‘ਚ ਪੁੱਜਣ ‘ਤੇ ਸਵਾਗਤ ਕੀਤਾ ਗਿਆ। ਮੁਰਮੂ ਨੇ ਵਿਜ਼ਟਰ’ਜ਼ ਬੁੱਕ ਵਿੱਚ ਯਾਦਗਾਰੀ ਤਜਰਬਾ ਸਾਂਝਾ ਕੀਤਾ। -ਪੀਟੀਆਈ