ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ, ਉਨ੍ਹਾਂ ਦੇ ਪੁੱਤਰ ਆਦਿੱਤਿਆ ਠਾਕਰੇ ਅਤੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੂੰ ਸੰਸਦ ਮੈਂਬਰ ਰਾਹੁਲ ਰਮੇਸ਼ ਸ਼ੇਵਾਲੇ ਵੱਲੋਂ ਦਾਇਰ ਮਾਣਹਾਨੀ ਦੇ ਕੇਸ ‘ਚ ਅੱਜ ਸੰਮਨ ਜਾਰੀ ਕੀਤੇ ਹਨ। ਸ਼ੇਵਾਲੇ ਨੇ ਆਪਣੇ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੇ ਸ਼ਿਵ ਸੈਨਾ ਦੇ ਧੜੇ ‘ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਾਏ ਜਾਣ ਦੇ ਮਾਮਲੇ ‘ਚ ਊਧਵ ਠਾਕਰੇ, ਆਦਿੱਤਿਆ ਠਾਕਰੇ ਤੇ ਸੰਜੈ ਰਾਊਤ ਖ਼ਿਲਾਫ਼ ਮਾਣਹਾਨੀ ਕੇਸ ਦਾਇਰ ਕੀਤਾ ਹੈ। ਜਸਟਿਸ ਪ੍ਰਤੀਕ ਜਲਾਨ ਨੇ ਮੁਕੱਦਮਾ ਵਿਚਾਰਨ ਲਈ ਮਨਜ਼ੂਰ ਕਰਦਿਆਂ ਊਧਵ, ਆਦਿੱਤਿਆ ਤੇ ਰਾਊਤ ਨੂੰ ਸੰਮਨ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਕਥਿਤ ਮਾਣਹਾਨੀ ਵਾਲੀ ਸਮੱਗਰੀ ਹਟਾਉਣ ਦੀ ਮੰਗ ਸਬੰਧੀ ਪਟੀਸ਼ਨ ‘ਤੇ ਗੂਗਲ, ਟਵਿੱਟਰ, ਊਧਵ, ਆਦਿੱਤਿਆ ਤੇ ਰਾਊਤ ਨੂੰ 30 ਦਿਨ ਅੰਦਰ ਆਪਣੇ ਲਿਖਤੀ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ। ਇਸ ਮਾਮਲੇ ਦੀ ਸੁਣਵਾਈ 17 ਅਪਰੈਲ ਨੂੰ ਹੋਵੇਗੀ। -ਪੀਟੀਆਈ