ਮੁੰਬਈ, 25 ਮਾਰਚ
ਮਹਾਤਮਾ ਗਾਂਧੀ ਦੇ ਪੋਤਰੇ ਤੁਸ਼ਾਰ ਗਾਂਧੀ ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੀਆਂ ਉਨ੍ਹਾਂ ਟਿੱਪਣੀਆਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿਚ ਸਿਨਹਾ ਨੇ ਕਿਹਾ ਸੀ ਕਿ ਰਾਸ਼ਟਰ ਪਿਤਾ ਗਾਂਧੀ ਕੋਲ ਇਕ ਵੀ ਯੂਨੀਵਰਸਿਟੀ ਡਿਗਰੀ ਨਹੀਂ ਸੀ। ਤੁਸ਼ਾਰ ਗਾਂਧੀ ਨੇ ਟਵੀਟ ਕੀਤਾ, ‘ਐਮਕੇ ਗਾਂਧੀ 2 ਮੈਟਰਿਕ ਪਾਸ ਸਨ, ਇਕ ਅਲਫਰੈਡ ਹਾਈ ਸਕੂਲ ਰਾਜਕੋਟ ਤੋਂ ਤੇ ਦੂਜੀ ਇਸ ਦੇ ਬਰਾਬਰ ਦੀ ਲੰਡਨ ਤੋਂ ਉਨ੍ਹਾਂ ਬ੍ਰਿਟਿਸ਼ ਮੈਟਰੀਕੁਲੇਸ਼ਨ ਕੀਤੀ ਸੀ। ਉਨ੍ਹਾਂ ਪੜ੍ਹਾਈ ਕਰ ਕੇ ਲੰਡਨ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਾਲਜ ਇਨਰ ਟੈਂਪਲ ਤੋਂ ਲਾਅ ਡਿਗਰੀ ਕੀਤੀ। ਇਸ ਤੋਂ ਇਲਾਵਾ ਲਾਤੀਨੀ ਤੇ ਫਰਾਂਸੀਸੀ ਭਾਸ਼ਾ ਵਿਚ ਦੋ ਡਿਪਲੋਮੇ ਵੀ ਕੀਤੇ। ਇਹ ਜਾਣਕਾਰੀ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਦੇ ਨਾਂ ਜਾਰੀ।’ ਜ਼ਿਕਰਯੋਗ ਹੈ ਕਿ ਸਿਨਹਾ ਨੇ ਆਈਟੀਐਮ ਗਵਾਲੀਅਰ ਵਿਚ ਇਕ ਭਾਸ਼ਣ ‘ਚ ਕਿਹਾ ਸੀ, ‘ਤੁਸੀਂ ਜਾਣਦੇ ਹੋ ਕਿ ਮਹਾਤਮਾ ਗਾਂਧੀ ਕੋਲ ਇਕ ਵੀ ਯੂਨੀਵਰਸਿਟੀ ਡਿਗਰੀ ਜਾਂ ਯੋਗਤਾ ਨਹੀਂ ਸੀ। ਸਾਡੇ ਵਿਚੋਂ ਬਹੁਤ ਸਾਰੇ ਸੋਚਦੇ ਹਨ ਕਿ ਮਹਾਤਮਾ ਗਾਂਧੀ ਕੋਲ ਲਾਅ ਦੀ ਡਿਗਰੀ ਸੀ। ਨਹੀਂ, ਉਨ੍ਹਾਂ ਕੋਲ ਨਹੀਂ ਸੀ। ਉਨ੍ਹਾਂ ਦੀ ਇਕੋ-ਇਕ ਯੋਗਤਾ ਹਾਈ ਸਕੂਲ ਡਿਪਲੋਮਾ ਸੀ। ਉਹ ਲਾਅ ਪ੍ਰੈਕਟਿਸ ਲਈ ਯੋਗ ਸਨ ਹਾਲਾਂਕਿ ਉਨ੍ਹਾਂ ਕੋਲ ਕਾਨੂੰਨ ਦੀ ਡਿਗਰੀ ਨਹੀਂ ਸੀ।’ ਸਿਨਹਾ ਦੀ ਟਿੱਪਣੀਆਂ ‘ਤੇ ਤੁਸ਼ਾਰ ਗਾਂਧੀ ਨੇ ਕਿਹਾ ਕਿ ਉਹ ਉਪ ਰਾਜਪਾਲ ਨੂੰ ਬਾਪੂ ਦੀ ਆਤਮਕਥਾ ਦੀ ਨਕਲ ਭੇਜ ਰਹੇ ਹਨ। ਉਨ੍ਹਾਂ ਨੂੰ ਆਸ ਹੈ ਕਿ ਉਪ ਰਾਜਪਾਲ ਇਸ ਨੂੰ ਪੜ੍ਹ ਕੇ ਆਪਣੇ ਆਪ ਨੂੰ ਸਿੱਖਿਅਤ ਕਰਨਗੇ। ਤੁਸ਼ਾਰ ਨੇ ਕਿਹਾ ਕਿ ਹਾਲਾਂਕਿ ਉਹ ਸਹਿਮਤ ਹਨ ਕਿ ਮਹਾਤਮਾ ਗਾਂਧੀ ਕੋਲ ‘ਐਂਟਾਇਰ ਲਾਅ’ ਵਿਚ ਡਿਗਰੀ ਨਹੀਂ ਸੀ। -ਪੀਟੀਆਈ