ਜੈਪੁਰ, 9 ਮਈ (ਸ.ਬ.) ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਜ ਵਿੱਚ 900 ਕਰੋੜ ਰੁਪਏ ਦੇ ਜਲ ਜੀਵਨ ਮਿਸ਼ਨ ਘੁਟਾਲੇ ਵਿੱਚ ਸੀਬੀਆਈ ਵੱਲੋਂ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਪਿਛਲੀ ਰਾਜਸਥਾਨ ਸਰਕਾਰ ਉੱਤੇ ਨਿਸ਼ਾਨਾ ਸਾਧਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਸੂਬੇ ਦੀ ਪਿਛਲੀ ਸਰਕਾਰ ਦੇ ਪਾਪ ਹੁਣ ਬੇਨਕਾਬ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਪਿਆਸੇ ਰੱਖਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਭ੍ਰਿਸ਼ਟ ਵਿਅਕਤੀ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਉਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ 2019 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਕੇਂਦਰ ਸਰਕਾਰ ਨੇ ਇਸ ਸਕੀਮ ਤਹਿਤ ਸਭ ਤੋਂ ਵੱਧ 27,000 ਕਰੋੜ ਰੁਪਏ ਰਾਜਸਥਾਨ ਨੂੰ ਦਿੱਤੇ ਸਨ ਪਰ ਗਹਿਲੋਤ ਸਰਕਾਰ ਨੇ ਜਾਣਬੁੱਝ ਕੇ ਇਸ ਯੋਜਨਾ ਨੂੰ ਅਧੂਰਾ ਰੱਖਿਆ।
“ਪਿਛਲੀ ਸਰਕਾਰ ਦੀ ਅਸਫਲਤਾ ਦੀ ਇਸ ਤੋਂ ਵੱਡੀ ਉਦਾਹਰਨ ਕੀ ਹੋ ਸਕਦੀ ਹੈ? ਗਹਿਲੋਤ ਸਰਕਾਰ ਨੇ ਤਿੰਨ ਵਾਰ ਟੈਂਡਰ ਜਾਰੀ ਕੀਤੇ ਅਤੇ ਸਿਰਫ 6,000 ਕਰੋੜ ਰੁਪਏ ਖਰਚ ਕੀਤੇ, ਜਿਸ ਵਿੱਚੋਂ 900 ਕਰੋੜ ਰੁਪਏ ਦਾ ਘੁਟਾਲਾ ਹੋਇਆ।