ਯੂਕੌਨ : ਭਾਰਤੀ ਮੂਲ ਦੇ ਰੰਜ ਪਿੱਲੈ ਕੈਨੇਡਾ ਦੇ ਕੇਂਦਰ ਸ਼ਾਸਤ ਪ੍ਰਦੇਸ਼ ਯੂਕੌਨ ਦੇ ਪ੍ਰੀਮੀਅਰ ਨਿਯੁਕਤ ਕੀਤੇ ਗਏ ਹਨ। ਇੰਝ ਉਹ ਇਸ ਵੱਕਾਰੀ ਅਹੁਦੇ ‘ਤੇ ਪੁੱਜਣ ਵਾਲੇ ਭਾਰਤੀ ਮੂਲ ਦੇ ਦੂਜੇ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ ਉੱਜਲ ਦੁਸਾਂਝ 2000–2001 ‘ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਬਣੇ ਸਨ। ਕੈਨੇਡਾ ‘ਚ ਮੁੱਖ ਮੰਤਰੀ ਨੂੰ ‘ਪ੍ਰੀਮੀਅਰ’ ਆਖਿਆ ਜਾਂਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੰਜ ਪਿੱਲੈ ਨੂੰ ਮੁਬਾਰਕਬਾਦ ਦਿੱਤੀ ਹੈ। ਰੰਜ ਪਿੱਲੈ ਨੂੰ ਸਨਿੱਚਰਵਾਰ ਨੂੰ ਯੂਕੌਨ ਦੀ ਰਾਜਧਾਨੀ ਵ੍ਹਾਈਟ ਹੌਰਸ ‘ਚ ਇਸ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਕ ਏਡਲੀਨ ਵੈਬਰ ਨੇ ਸਹੁੰ ਚੁਕਾਈ। ਇੱਥੇ ਵਰਨਣਯੋਗ ਹੈ ਕਿ ਰੰਜ ਪਿੱਲੈ ਦੇ ਪੁਰਖੇ ਭਾਰਤੀ ਸੂਬੇ ਕੇਰਲ ਨਾਲ ਸਬੰਧਤ ਸਨ। ਉਨ੍ਹਾਂ ਕੋਲ ਐਗਜ਼ੀਕਿਊਟਿਵ ਕੌਂਸਲ ਆਫ਼ਿਸ,ਯੂਕੌਨ ਹਾਊਸਿੰਗ ਕਾਰਪੋਰੇਸ਼ਨ ਤੇ ਆਰਥਿਕ ਵਿਕਾਸ ਮੰਤਾਲਿਆਂ ਦੇ ਵੀ ਵਾਧੂ ਚਾਰਜ ਰਹਿਣਗੇ। ਉਨ੍ਹਾਂ ਨਾਲ ਛੇ ਹੋਰ ਕੈਬਿਨੇਟ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ। ਹਲਫ਼ ਲੈਣ ਤੋਂ ਬਾਅਦ ਉਨ੍ਹਾਂ ਯੂਕੌਨ ਸਰਕਾਰ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪ੍ਰੀਮੀਅਰ ਵਜੋਂ ਇਸ ਖੇਤਰ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਜੀਵਨਾਂ ‘ਚ ਸੁਧਾਰ ਲਿਆਉਣ ਲਈ ਪ੍ਰਤੀਬੱਧ ਹਨ। ‘ਯੂਕੌਨ ਦੀ ਅਰਥ–ਵਿਵਸਥਾ ਦੇਸ਼ ‘ਚ ਸਭ ਤੋਂ ਮਜ਼ਬੂਤ ਹੈ। ਇਸ ਤੋਂ ਪਹਿਲਾਂ ਰੰਜ ਪਿੱਲੈ ਨੂੰ ਸਰਬਸੰਮਤੀ ਨਾਲ ਯੂਕੌਨ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਸੀ। ਉਸ ਤੋਂ ਬਾਅਦ ਉਹ ਯੂਕੌਨ ਦੇ ਕਮਿਸ਼ਨਰ ਐਂਜਲਿਕ ਬਰਨਾਰਡ ਨੂੰ ਵੀ ਮਿਲੇ ਸਨ ਤੇ ਉਨ੍ਹਾਂ ਸਾਹਵੇਂ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ 10ਵੇਂ ਪ੍ਰੀਮੀਅਰ ਵਜੋ਼ ਸੇਵਾ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਰੰਜ ਪਿੱਲੈ ਦਾ ਜਨਮ ਕੈਨੇਡਾ ਦੇ ਸੂਬੇ ਨੋਵਾ ਸਕੌਸ਼ੀਆ ‘ਚ ਹੋਇਆ ਸੀ ਪਰ ਉਹ ਪਿਛਲੇ ਲੰਮੇ ਸਮੇਂ ਤੋਂ ਯੂਕੌਨ ‘ਚ ਹੀ ਸੈਟਲ ਹਨ। ਨਵੰਬਰ 2016 ‘ਚ ਉਹ ਪਹਿਲੀ ਵਾਰ ਪੋਰਟਰ ਕ੍ਰੀਕ ਸਾਊਥ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਤੇ ਤਦ ਉਨ੍ਹਾਂ ਨੂੰ ਡਿਪਟੀ ਪ੍ਰੀਮੀਅਰ ਦਾ ਅਹੁਦਾ ਵੀ ਮਿਲਿਆ ਸੀ ਤੇ ਊਰਜਾ ਮੰਤਰਾਲੇ ਦਾ ਉਨ੍ਹਾਂ ਕੋਲ ਵਾਧੂ ਚਾਰਜ ਵੀ ਸੀ। ਅਪ੍ਰੈਲ 2021 ‘ਚ ਉਹ ਦੋਬਾਰਾ ਵਿਧਾਇਕ ਬਣੇ ਸਨ। ਉਨ੍ਹਾਂ ਹੁਣ ਸੈਂਡੀ ਸਿਲਵਰ ਦੀ ਥਾਂ ਪ੍ਰੀਮੀਅਰ ਦਾ ਅਹੁਦਾ ਸੰਭਾਲਿਆ ਹੈ, ਜੋ 2012 ਤੋ ਇਸ ਅਹੁਦੇ ‘ਤੇ ਤਾਇਨਾਤ ਸਨ।