ਨਾਗਪੁਰ: ਬਿਜਲੀ ਕੱਟਾਂ ਦੇ ਸਤਾਏ ਵਿਅਕਤੀ ਨੇ ਨਾਗਪੁਰ ਸਥਿਤ ਡਿਪਟੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਘਰ ਬੰਬ ਲੱਗਾ ਹੋਣ ਬਾਰੇ ਕਥਿਤ ਤੌਰ ‘ਤੇ ਫਰਜ਼ੀ ਕਾਲ ਕਰ ਕੇ ਪੁਲੀਸ ਨੂੰ ਚੱਕਰਾਂ ਵਿੱਚ ਪਾ ਦਿੱਤਾ। ਪੁਲੀਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਕਿਹਾ ਕਿ ਪੁਲੀਸ ਨੇ ਫੋਨ ਕਰਨ ਵਾਲੇ ਨੌਜਵਾਨ ਦਾ ਪਤਾ ਲਗਾ ਕੇ ਸ਼ਹਿਰ ਤੋਂ ਤੀਹ ਕਿਲੋਮੀਟਰ ਦੂਰ ਸਥਿਤ ਕਾਹਨ ਕਸਬੇ ਤੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਨਾਗਪੁਰ ਪੁਲੀਸ ਦੇ ਕੰਟਰੋਲ ਰੂਮ ਵਿੱਚ ਇਕ ਵਿਅਕਤੀ ਨੇ ਵੱਡੇ ਤੜਕੇ ਕਰੀਬ ਦੋ ਵਜੇ ਫੋਨ ਕਰ ਕੇ ਦਾਅਵਾ ਕੀਤਾ ਕਿ ਫੜਨਵੀਸ ਦੇ ਘਰ ਦੇ ਬਾਹਰ ਬੰਬ ਲਗਾ ਦਿੱਤਾ ਗਿਆ ਹੈ। ਇਸ ਮਗਰੋਂ ਪੁਲੀਸ ਟੀਮ ਬੰਬ ਨਕਾਰਾ ਕਰਨ ਵਾਲੇ ਦਸਤੇ ਅਤੇ ਸੂਹੀਆ ਕੁੱਤੇ ਸਮੇਤ ਧਰਮਪੇਠ ‘ਚ ਤ੍ਰਿਕੋਣੀ ਪਾਰਕ ਨੇੜੇ ਡਿਪਟੀ ਮੁੱਖ ਮੰਤਰੀ ਦੇ ਘਰ ਨੇੜੇ ਪੁੱਜੀ। ਟੀਮਾਂ ਨੇ ਘਰ ਦੇ ਅੰਦਰ ਤੇ ਬਾਹਰ ਦੀ ਜਾਂਚ ਕੀਤੀ ਪਰ ਇਸ ਦੌਰਾਨ ਕੋਈ ਧਮਾਕਾਖੇਜ਼ ਸਮੱਗਰੀ ਬਰਾਮਦ ਨਹੀਂ ਹੋਈ। -ਪੀਟੀਆਈ