ਚੰਡੀਗੜ੍ਹ : ਲੁਧਿਆਣਾ ਚ ਐੱਸਸੀ/ਐੱਸਟੀ ਐਕਟ ’ਚ ਪੱਤਰਕਾਰ ਭਾਵਨਾ ਗੁਪਤਾ ਦੀ ਹੋਈ ਗ੍ਰਿਫ਼ਤਾਰੀ ਦੇ ਮਾਮਲੇ ’ਚ ਐੱਫਆਈਆਰ ਨੂੰ ਸਿਆਸੀ ਦੱਸਦਿਆਂ ਇਸ ਨੂੰ ਰੱਦ ਕਰਨ ਦੀ ਮੰਗ ’ਤੇ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਜਦੋਂ ਤਕ ਉਸ ਸਿਆਸਦਾਨ ਨੂੰ ਧਿਰ ਨਹੀਂ ਬਣਾਇਆ ਜਾਂਦਾ ਜਿਸ ’ਤੇ ਦੋਸ਼ ਹੈ ਇਸ ਦਲੀਲ ’ਤੇ ਅੱਗੇ ਸੁਣਵਾਈ ਨਹੀਂ ਹੋਵੇਗੀ। ਲੰਬੀ ਬਹਿਸ ਤੋਂ ਬਾਅਦ ਜਸਟਿਸ ਦੀਪਕ ਸਿੱਬਲ ਨੇ ਇਸ ਮਾਮਲੇ ’ਚ ਸ਼ਨਿਚਰਵਾਰ ਨੂੰ ਸੁਣਵਾਈ ਕਰਨ ਵਾਲੀ ਬੈਂਚ ਕੋਲ ਹੀ ਇਸ ਪਟੀਸ਼ਨ ਨੂੰ ਭੇਜਣ ਦਾ ਫ਼ੈਸਲਾ ਲੈਂਦਿਆਂ ਪਟੀਸ਼ਨ ਚੀਫ ਜਸਟਿਸ ਨੂੰ ਰੈਫਰ ਕਰ ਦਿੱਤੀ। ਅਦਾਲਤ ਨੇ ਅਗਲੇ ਹੁਕਮ ਤਕ ਗੁਪਤਾ ਦੀ ਅੰਤ੍ਰਿਮ ਜ਼ਮਾਨਤ ਵੀ ਜਾਰੀ ਰੱਖਣ ਦਾ ਆਦੇਸ਼ ਦਿੱਤਾ। ਸੁਣਵਾਈ ਦੌਰਾਨ ਪਟੀਸ਼ਨਕਰਤਾ ਨੇ ਕਿਹਾ ਕਿ ਜਦੋਂ ਉਹ ਪੀੜਤ ਨੂੰ ਜਾਣਦੀ ਹੀ ਨਹੀਂ ਤਾਂ ਉਸਦੀ ਜਾਤੀ ਬਾਰੇ ਕਿਵੇਂ ਜਾਣਕਾਰੀ ਹੋ ਸਕਦੀ ਸੀ। ਅਜਿਹੇ ’ਚ ਉਸਦੇ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਬਣਦਾ ਹੀ ਨਹੀਂ। ਨਾਲ ਹੀ ਪਟੀਸ਼ਨਕਰਤਾ ਦੀ ਗ੍ਰਿਫ਼ਤਾਰੀ ਵੀ ਗ਼ਲਤ ਤਰੀਕੇ ਨਾਲ ਕੀਤੀ ਗਈ ਤੇ ਉਸ ਨੂੰ ਦੇਰ ਰਾਤ ਮੈਜਿਸਟ੍ਰੇਟ ਸਾਹਮਣੇ ਸਿਰਫ਼ ਰਸਮ ਪੂਰੀ ਕਰਨ ਲਈ ਪੇਸ਼ ਕੀਤਾ ਗਿਆ ਸੀ।