ਬੰਗਲੂਰੂ, 25 ਮਾਰਚ
ਸਾਲ 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਵਾਲੇ ਟਵੀਟ ਨੂੰ ਲੈ ਕੇ ਕਾਂਗਰਸ ਦੇ ਨਿਸ਼ਾਨੇ ‘ਤੇ ਆਈ ਭਾਜਪਾ ਆਗੂ ਖੁੁਸ਼ਬੂ ਸੁੰਦਰ ਨੇ ਵਿਰੋਧੀ ਪਾਰਟੀ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਦੋਂ ਉਹ ‘ਆਪਣੇ ਆਗੂ ਦੀ ਭਾਸ਼ਾ’ ਵਿੱਚ ਬੋਲ ਰਹੀ ਸੀ, ਜਿਵੇਂ ਕਿ ਉਦੋਂ ਉਸ ਨੂੰ ਕਰਨ ਲਈ ਕਿਹਾ ਗਿਆ ਸੀ।
ਖੁਸ਼ਬੂ ਨੇ ਕਾਂਗਰਸ ਦੀ ਨਿਰਾਸ਼ਾ ‘ਤੇ ਵੀ ਸਵਾਲ ਉਠਾਇਆ। ਖੁਸ਼ਬੂ ਨੇ ਸਾਫ਼ ਕਰ ਦਿੱਤਾ ਕਿ ਉਸ ਨੇ ਪੰਜ ਸਾਲ ਪੁਰਾਣੀ ਸੋਸ਼ਲ ਮੀਡੀਆ ਪੋਸਟ ਨੂੰ ਡਿਲੀਟ ਨਹੀਂ ਕੀਤਾ ਤੇ ਹੁਣ ਵੀ ਨਹੀਂ ਕਰੇਗੀ। ਚੇਤੇ ਰਹੇ ਕਿ ਸੁੰਦਰ 2020 ਵਿਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ। ਸੁੰਦਰ, ਜੋ ਇਸ ਵੇਲੇ ਭਾਜਪਾ ਕੌਮੀ ਕਾਰਜਕਾਰਨੀ ਦੀ ਮੈਂਬਰ ਵੀ ਹੈ, ਨੇ ਪੰਜ ਸਾਲ ਪਹਿਲਾਂ ਕੀਤੇ ਟਵੀਟ ਵਿੱਚ ਕਿਹਾ ਸੀ, ”ਆਓ ਮੋਦੀ ਦਾ ਮਤਲਬ ਬਦਲ ਕੇ ਭ੍ਰਿਸ਼ਟਾਚਾਰ ਕਰੀਏ…ਜੋ ਵਧੇਰੇ ਢੁੱਕਦਾ ਹੈ।” ਪਾਰਟੀ ਆਗੂ ਤੇ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ ਇਕ ਟਵੀਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ, ”ਕੀ ਤੁਸੀਂ ਆਪਣੇ ਕਿਸੇ ਭਗਤ ਜਿਸ ਦਾ ਨਾਮ ਮੋਦੀ ਹੋਵੇ, ਨੂੰ ਖੁਸ਼ਬੂ ਸੁੰਦਰ ਖਿਲਾਫ਼ ਵੀ ਮਾਣਹਾਨੀ ਕੇਸ ਦਾਖ਼ਲ ਕਰਨ ਲਈ ਕਹੋਗੇ?” -ਪੀਟੀਆਈ