ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
ਪਿਛਲੇ ਕੁਝ ਸਮੇਂ ਤੋਂ ਇਹ ਅਫ਼ਵਾਹ ਸੀ ਕਿ ਦੋਵੇਂ ਇਸ ਮਹੀਨੇ ਸੱਤ ਫੇਰੇ ਲੈਣ ਵਾਲੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਅਪ੍ਰੈਲ ਦੇ ਦੂਜੇ ਹਫ਼ਤੇ ਵਿਆਹ ਕਰਨ ਜਾ ਰਹੇ ਹਨ। ਹੁਣ ਇਨ੍ਹਾਂ ਦੋਹਾਂ ਦੇ ਵਿਆਹ ਨੂੰ ਲੈ ਕੇ ਇਕ ਹੋਰ ਖਾਸ ਖ਼ਬਰ ਸਾਹਮਣੇ ਆਈ ਹੈ।
ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਅੰਗਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ ਇਹ ਜੋੜੀ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਏਗੀ। ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਤਿਆਰੀਆਂ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਹਨ ਅਤੇ ਵਿਆਹ ਨਾਲ ਜੁੜੇ ਸਾਰੇ ਪ੍ਰੋਗਰਾਮ 13-14 ਅਪ੍ਰੈਲ ਤੋਂ ਸ਼ੁਰੂ ਹੋ ਜਾਣਗੇ। ਹਾਲਾਂਕਿ ਅਜੇ ਤਕ ਉਨ੍ਹਾਂ ਦੇ ਵਿਆਹ ਦੀ ਤਰੀਕ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ।ਸੂਤਰਾਂ ਦੀ ਮੰਨੀਏ ਤਾਂ ਰਣਬੀਰ ਕਪੂਰ ਅਤੇ ਆਲੀਆ ਭੱਟ 17 ਅਪ੍ਰੈਲ ਨੂੰ ਵਿਆਹ ਦੇ ਬੰਧਨ ’ਚ ਬੱਝ ਜਾਣਗੇ। ਦਰਅਸਲ ਆਲੀਆ ਭੱਟ ਦੇ ਨਾਨੇ ਨਰੇਂਦਰਨਾਥ ਰਾਜਦਾਨ ਦੀ ਸਿਹਤ ਖ਼ਰਾਬ ਚੱਲ ਰਹੀ ਹੈ ਅਤੇ ਉਹ ਆਪਣੀ ਦੋਹਤੀ ਆਲੀਆ ਭੱਟ ਤੇ ਰਣਬੀਰ ਦਾ ਵਿਆਹ ਦੇਖਣਾ ਚਾਹੁੰਦੇ ਹਨ, ਜਿਸ ਕਾਰਨ ਅਦਾਕਾਰਾ ਦਾ ਪਰਿਵਾਰ ਜਲਦੀ ਹੀ ਵਿਆਹ ਕਰਨਾ ਚਾਹੁੰਦਾ ਹੈ।
ਸੰਭਵ ਹੈ ਕਿ ਨਰੇਂਦਰਨਾਥ ਰਾਜਦਾਨ ਦੀ ਸਿਹਤ ਨੂੰ ਦੇਖਦਿਆਂ ਵਿਆਹ ਦੀ ਤਰੀਕ ਅੱਗੇ-ਪਿੱਛੇ ਕੀਤੀ ਜਾ ਸਕਦੀ ਹੈ।ਜੇ ਵਿਆਹ ਵਾਲੀ ਜਗ੍ਹਾ ਦੀ ਗੱਲ ਕਰੀਏ ਤਾਂ ਖ਼ਬਰਾਂ ਹਨ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਮੁੰਬਈ ਦੇ ਚੇਂਬੂਰ ਸਥਿਤ ਕਪੂਰ ਪਰਿਵਾਰ ਦੇ ਜੱਦੀ ਘਰ ਆਰਕੇ ਹਾਊਸ ’ਚ ਸੱਤ ਫੇਰੇ ਲੈਣਗੇ। 1980 ਵਿਚ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦਾ ਵਿਆਹ ਵੀ ਆਰਕੇ ਹਾਊਸ ’ਚ ਹੋਇਆ ਸੀ। ਇਸ ਲਈ ਰਣਬੀਰ ਆਪਣੇ ਮਾਤਾ-ਪਿਤਾ ਦੀ ਤਰ੍ਹਾਂ ਆਰਕੇ ਹਾਊਸ ’ਚ ਵਿਆਹ ਕਰਵਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਅਕਸਰ ਇਕੱਠੇ ਨਜ਼ਰ ਆਉਂਦੇ ਹਨ।ਅਜਿਹੇ ’ਚ ਲੰਬੇ ਸਮੇਂ ਤੋਂ ਚਰਚਾ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਵੱਲੋਂ ਆਪਣੇ ਰਿਸ਼ਤੇ ਨੂੰ ਲੈ ਕੇ ਕਦੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਵਿਆਹ ਤੋਂ ਇਲਾਵਾ ਦੋਵੇਂ ਫਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਵੀ ਚਰਚਾ ’ਚ ਹਨ। ਦੋਵੇਂ ਜਲਦ ਹੀ ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ’ ’ਚ ਇਕੱਠੇ ਨਜ਼ਰ ਆਉਣਗੇ। ਇਹ ਪਹਿਲੀ ਵਾਰ ਹੋਵੇਗਾ, ਜਦੋਂ ਰਣਬੀਰ ਕਪੂਰ ਅਤੇ ਆਲੀਆ ਭੱਟ ਇਕੱਠੇ ਸਕਰੀਨ ਸਪੇਸ ਸ਼ੇਅਰ ਕਰਨਗੇ।