ਫਿਰੋਜ਼ਪੁਰ : ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਅਪਰਾਧਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਦੇ ਲਈ ਲਗਾਤਾਰ ਮੁਸਤੈਦੀ ਦਿਖਾਈ ਜਾ ਰਹੀ ਹੈ ਜਿਸ ਦੇ ਚੱਲਦਿਆਂ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਮੁਕਾਬਲੇ ਵੀ ਦੇਖਣ ਨੂੰ ਮਿਲ ਰਹੇ ਹਨ। ਹੁਣ ਫਿਰੋਜ਼ਪੁਰ ਦੇ ਤਲਵੰਡੀ ਵਿਖੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ।
ਇਸ ਮੁਕਾਬਲੇ ‘ਚ ਗੈਂਗਸਟਰ ਗੁਰਪਿਆਰ ਸਿੰਘ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਗੁਰਪਿਆਰ ਸਿੰਘ ਅਰਸ਼ ਡੱਲਾ ਦਾ ਸਾਥੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਹਾਲ ਹੀ ਵਿੱਚ ਅੱਤਵਾਦੀ ਐਲਾਨਿਆ ਗਿਆ ਹੈ। ਗੈਂਗਸਟਰ ਗੁਰਪਿਆਰ ਸਿੰਘ ਪੰਜਾਬ ਪੁਲਿਸ ਨੂੰ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।
ਦਰਅਸਲ ਪੰਜਾਬ ਪੁਲਿਸ ਦੀ ਟੀਮ ਦੇ ਵੱਲੋਂ ਤਲਵੰਡੀ ਵਿੱਚ ਨਾਕਾਬੰਦੀ ਕੀਤੀ ਹੋਈ ਸੀ । ਇਸੇ ਦੌਰਾਨ ਜਦੋਂ ਗੈਂਗਸਟਰ ਗੁਰਪਿਆਰ ਸਿੰਘ ਉਥੋਂ ਲੰਘਣ ਲੱਗਾ ਤਾਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਮੁਲਜ਼ਮਾਂ ਨੇ ਭੱਜਣ ਲਈ ਪੁਲਿਸ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ।ਜਿਸ ’ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ । ਦੋਵਾਂ ਪਾਸਿਆਂ ਤੋਂ ਕੁਝ ਦੇਰ ਤੱਕ ਚੱਲੇ ਮੁਕਾਬਲੇ ਦੌਰਾਨ ਗੁਰਪਿਆਰ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ।
ਇਸ ਦੇ ਨਾਲ ਹੀ ਪੁਲਿਸ ਨੇ ਉਸ ਨੂੰ ਚਾਰੇ ਪਾਸਿਓਂ ਤੋਂ ਘੇਰ ਲਿਆ ਅਤੇ ਕਾਬੂ ਕਰ ਲਿਆ।ਪੁਲਿਸ ਦੇ ਮੁਤਾਬਕ ਮੁਲਜ਼ਮ ਗੁਰਪਿਆਰ ਸਿੰਘ ਨੇ ਇੱਕ ਪ੍ਰਭਾਵਸ਼ਾਲੀ ਵਿਅਕਤੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ।
ਪੁਲਿਸ ਦੇ ਮੁਤਾਬਕ ਮੁਲਜ਼ਮ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਟਾਰਗੇਟ ਕਿਲਿੰਗ ਦੇ ਵਿੱਚ ਵੀ ਸ਼ਾਮਲ ਰਿਹਾ ਹੈ। ਮੁਲਜ਼ਮ ਗੁਰਪਿਆਰ ਅੱਤਵਾਦੀ ਅਰਸ਼ ਡੱਲਾ ਦਾ ਸਾਥੀ ਵੀ ਰਹਿ ਚੁੱਕਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿੱਚ ਅਰਸ਼ ਡੱਲਾ ਨੂੰ ਅੱਤਵਾਦੀ ਐਲਾਨਿਆ ਹੈ। ਪੁਲਿਸ ਦੀ ਟੀਮ ਨੇ ਜ਼ਖ਼ਮੀ ਗੈਂਗਸਟਰ ਗੁਰਪਿਆਰ ਸਿੰਘ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ਼ ਲਈ ਲੈ ਕੇ ਗਈ ਹੈ।
ਇਲਾਜ ਤੋਂ ਬਾਅਦ ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁੱਛਗਿੱਛ ਲਈ ਉਸ ਦੇ ਰਿਮਾਂਡ ਦੀ ਮੰਗ ਕਰੇਗੀ। ਮੁਲਜ਼ਮ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਦੇ ਨੈੱਟਵਰਕ ਦੇ ਹੋਰ ਸਾਥੀ ਕੌਣ ਹਨ, ਫਿਲਹਾਲ ਪੁਲਿਸ ਇਸ ਸਬੰਧੀ ਪੁੱਛਗਿੱਛ ਕਰੇਗੀ।