ਨਵੀਂ ਦਿੱਲੀ, 27 ਮਾਰਚ
ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਕੇਸ ‘ਚ ਈਡੀ ਦੇ ਸੰਮਨਾਂ ਨੂੰ ਚੁਣੌਤੀ ਦੇਣ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਬੀਆਰਐੱਸ ਆਗੂ ਕੇ. ਕਵਿਤਾ ਵੱਲੋਂ ਦਾਖ਼ਲ ਕੀਤੀ ਗਈ ਪਟੀਸ਼ਨ ਨੂੰ ਹੋਰ ਅਰਜ਼ੀਆਂ ਨਾਲ ਜੋੜ ਦਿੱਤਾ ਹੈ। ਜਸਟਿਸ ਅਜੈ ਰਸਤੋਗੀ ਅਤੇ ਬੇਲਾ ਐੱਮ ਤ੍ਰਿਵੇਦੀ ਦੇ ਬੈਂਚ ਨੇ ਕਿਹਾ ਕਿ ਉਹ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਆਗੂ ਅਤੇ ਹੋਰਾਂ ਦੀਆਂ ਪਟੀਸ਼ਨਾਂ ‘ਤੇ ਤਿੰਨ ਹਫ਼ਤਿਆਂ ਮਗਰੋਂ ਸੁਣਵਾਈ ਕਰਨਗੇ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਬੈਂਚ ਨੂੰ ਦੱਸਿਆ ਕਿ ਅਜਿਹੀ ਇਕ ਅਰਜ਼ੀ ਕਾਂਗਰਸ ਆਗੂ ਪੀ ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ ਵੱਲੋਂ ਵੀ ਦਾਖ਼ਲ ਕੀਤੀ ਗਈ ਹੈ ਜੋ ਈਡੀ ਵੱਲੋਂ ਮਹਿਲਾ ਮੁਲਜ਼ਮ ਨੂੰ ਤਲਬ ਕੀਤੇ ਜਾਣ ਦੇ ਮਾਮਲੇ ‘ਚ ਬਕਾਇਆ ਪਈ ਹੈ। ਬੈਂਚ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਸਾਰੀਆਂ ਪਟੀਸ਼ਨਾਂ ਦੀ ਇਕੱਠਿਆਂ ਸੁਣਵਾਈ ਹੋਵੇ। -ਪੀਟੀਆਈ