ਅਗਰਤਲਾ, 19 ਅਪ੍ਰੈਲ (ਸ.ਬ.) ਤ੍ਰਿਪੁਰਾ ਵਿੱਚ ਸਵੇਰੇ 11 ਵਜੇ ਤੱਕ ਤ੍ਰਿਪੁਰਾ ਪੱਛਮੀ ਲੋਕ ਸਭਾ ਸੀਟ ਅਤੇ ਰਾਮਨਗਰ ਵਿਧਾਨ ਸਭਾ ਸੀਟ ਲਈ 34.6 ਫੀਸਦੀ ਪੋਲਿੰਗ ਹੋਈ| ਚੋਣ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਖਤ ਸੁਰੱਖਿਆ ਦੇ ਵਿਚਕਾਰ ਤ੍ਰਿਪੁਰਾ ਪੱਛਮੀ ਲੋਕ ਸਭਾ ਸੀਟ ‘ਤੇ ਸਵੇਰੇ 9 ਵਜੇ ਤੱਕ ਲਗਭਗ 16 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਚੋਣ ਅਧਿਕਾਰੀਆਂ ਨੇ ਦੱਸਿਆ ਕਿ ਰਾਮਨਗਰ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣਾਂ ਵਿੱਚ 12.28 ਫੀਸਦੀ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਪਾਈ।
ਭਾਵੇਂ ਸੰਸਦੀ ਹਲਕੇ ਵਿੱਚ ਕਿਸੇ ਵੀ ਥਾਂ ਤੋਂ ਕੋਈ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ, ਸੂਬਾ ਕਾਂਗਰਸ ਪ੍ਰਧਾਨ ਆਸ਼ੀਸ਼ ਕੁਮਾਰ ਸਾਹਾ ਨੇ ਦੋਸ਼ ਲਾਇਆ ਕਿ ਪਾਰਟੀ ਏਜੰਟਾਂ ਨੂੰ ਕਈ ਪੋਲਿੰਗ ਸਟੇਸ਼ਨਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ।
ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਇੱਥੇ ਇੱਕ ਸਕੂਲ ਵਿੱਚ ਆਪਣੀ ਵੋਟ ਪਾਉਣ ਤੋਂ ਬਾਅਦ ਭਰੋਸਾ ਜਤਾਇਆ ਕਿ ਤ੍ਰਿਪੁਰਾ ਦੀਆਂ ਦੋ ਲੋਕ ਸਭਾ ਸੀਟਾਂ ਅਤੇ ਰਾਮਨਗਰ ਵਿਧਾਨ ਸਭਾ ਸੀਟ ਉੱਤੇ ਭਾਜਪਾ ਦੀ ਜਿੱਤ ਹੋਵੇਗੀ।
ਤ੍ਰਿਪੁਰਾ ਪੱਛਮੀ ਲੋਕ ਸਭਾ ਸੀਟ ਅਤੇ ਰਾਮਨਗਰ ਵਿਧਾਨ ਸਭਾ ਸੀਟ, ਜਿੱਥੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਲਈ ਵੋਟਿੰਗ ਸ਼ੁੱਕਰਵਾਰ ਸਵੇਰੇ ਸਖਤ ਸੁਰੱਖਿਆ ਹੇਠ ਸ਼ੁਰੂ ਹੋਈ।