ਅਕਤੂਬਰ ਵਿਚ ਜਾਰੀ ਆਪਣੀ ਰਾਸ਼ਟਰੀ ਸੁਰੱਖਿਆ ਰਣਨੀਤੀ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਘਰੇਲੂ ਪੱਧਰ ’ਤੇ ਲੋਕਤੰਤਰ ਨੂੰ ਪੁੱਜੇ ਨੁਕਸਾਨ ਦੀ ਭਰਪਾਈ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ, ਅਜਿਹਾ ਹੁੰਦਾ ਦਿਸ ਨਹੀਂ ਰਿਹਾ। ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਾਬਕਾ ਰਾਸ਼ਟਰਪਤੀ ’ਤੇ ਮਹਾਦੋਸ਼ ਤੋਂ ਇਹੀ ਲੱਗਦਾ ਹੈ ਕਿ ਪਹਿਲਾਂ ਤੋਂ ਹੀ ਕੁੜੱਤਣ ਭਰੇ ਧਰੁਵੀਕਰਨ ਵਾਲੇ ਅਮਰੀਕਾ ਵਿਚ ਇਹ ਖੱਪਾ ਹੋਰ ਚੌੜਾ ਹੋਵੇਗਾ। ਮਹਾਦੋਸ਼ ਅਨੁਸਾਰ ਪਿਛਲੀਆਂ ਚੋਣਾਂ ਦੌਰਾਨ ਟਰੰਪ ਨੇ ਆਪਣੀ ਜਿੱਤ ਪੱਕੀ ਕਰਨ ਲਈ ਕਈ ਤੱਥਾਂ ਨਾਲ ਖਿਲਵਾੜ ਕੀਤਾ ਸੀ। ਕੁਝ ਮਹਿਲਾਵਾਂ ਨਾਲ ਗ਼ੈਰ-ਇਖਲਾਕੀ ਰਿਸ਼ਤਿਆਂ ਨੂੰ ਜਗ ਜ਼ਾਹਰ ਹੋਣ ਤੋਂ ਰੋਕਣ ਲਈ ਉਸ ਨੇ ਮੀਡੀਆ ਦੀ ਦੁਰਵਰਤੋਂ ਕੀਤੀ ਸੀ। ਇਕ ਮੀਡੀਆ ਹਾਊਸ ਨੇ ਟਰੰਪ ਨਾਲ ਸਬੰਧਤ ਇਹ ਖ਼ਬਰਾਂ ਰੋਕ ਕੇ ਉਸ ਦੀ ਇਮਦਾਦ ਕੀਤੀ ਸੀ। ਦੂਜੇ ਪਾਸੇ ਟਰੰਪ ਨੇ ਇਨ੍ਹਾਂ ਮਹਾਦੋਸ਼ਾਂ ਨੂੰ ਨਕਾਰਦਿਆਂ ਇਨ੍ਹਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ। ਕੁਝ ਵੀ ਹੋਵੇ, ਅਮਰੀਕਾ ਵਿਚ ਮੌਜੂਦਾ ਤੇ ਸਾਬਕਾ ਰਾਸ਼ਟਰਪਤੀ ਵਿਚਾਲੇ ਚੱਲ ਰਹੀ ਇਹ ਖਿੱਚੋਤਾਣ ਸੰਸਾਰ ਵਿਚ ਅਮਰੀਕਾ ਦੀ ਇੱਜ਼ਤ ਨੂੰ ਮਿੱਟੀ ਵਿਚ ਮਿਲਾ ਰਹੀ ਹੈ। ਰਾਸ਼ਟਰਪਤੀ ਦੇ ਰੂਪ ਵਿਚ ਰਾਸ਼ਟਰੀ ਪੱਧਰ ’ਤੇ ਮੇਲ-ਮਿਲਾਪ ਅਤੇ ਦੇਸ਼ ਨੂੰ ਦਿਲਾਸਾ ਦਿਵਾਉਣ ਦੇ ਬਜਾਏ ਬਾਇਡਨ ਆਪਣੇ ਪਿਛਲੇ ਹਮਰੁਤਬਾ ਡੋਨਾਲਡ ਟਰੰਪ ਜਿੰਨੇ ਹੀ ਵੰਡ ਪਾਊ ਸਿੱਧ ਹੋਏ। ਦੂਜੇ ਪਾਸੇ, ਮਹਾਦੋਸ਼ ਦੀਆਂ ਪਰਤਾਂ ਖੁੱਲ੍ਹਣ ਤੋਂ ਬਾਅਦ ਟਰੰਪ ਵਿਰੁੱਧ ਮਾਮਲਾ ਉਮੀਦ ਨਾਲੋਂ ਕਮਜ਼ੋਰ ਲੱਗਦਾ ਹੈ। ਇੱਥੋਂ ਤਕ ਕਿ ਪਾਰਟੀ ਵਿਚ ਟਰੰਪ ਦੇ ਵਿਰੋਧੀ ਅਤੇ ਆਲੋਚਕ ਰਹੇ ਮਿਟ ਰੋਮਨੀ ਵਰਗੇ ਨੇਤਾਵਾਂ ਨੇ ਟਰੰਪ ਵਿਰੁੱਧ ਮਾਮਲੇ ਨੂੰ ਖ਼ਾਰਜ ਕਰਦੇ ਹੋਏ ਉਸ ਨੂੰ ਰਾਜਨੀਤਕ ਏਜੰਡੇ ਤੋਂ ਪ੍ਰੇਰਿਤ ਗਰਦਾਨਿਆ। ਓਥੇ ਹੀ ਕਾਨੂੰਨ ਦੇ ਮਾਹਰਾਂ ਦਾ ਮੰਨਣਾ ਹੈ ਕਿ ਰਾਜਨੀਤਕ ਵਿਰੋਧੀਆਂ ਦੇ ਪਿੱਛੇ ਪੈਣਾ ਇਕ ਖ਼ਤਰਨਾਕ ਰਵਾਇਤ ਪਾ ਰਿਹਾ ਹੈ। ਕਾਬਿਲੇਗ਼ੌਰ ਹੈ ਕਿ ਟਰੰਪ ਵਿਰੁੱਧ ਮਾਮਲਾ ਚਲਾਉਣ ਵਾਲੇ ਡਿਸਟ੍ਰਿਕਟ ਅਟਾਰਨੀ ਵੀ ਬਾਇਡਨ ਦੀ ਪਾਰਟੀ ਨਾਲ ਜੁੜੇ ਹਨ। ਕਵਿਨਿਪਿਯਾਕ ਯੂਨੀਵਰਸਿਟੀ ਦੇ ਸਰਵੇਖਣ ਵਿਚ ਦੋ-ਤਿਹਾਈ ਤੋਂ ਵੱਧ ਅਮਰੀਕਨਾਂ ਨੇ ਮੰਨਿਆ ਕਿ ਦੇਸ਼ ਵਿਚ ਲੋਕਤੰਤਰ ਤਬਾਹ ਹੋ ਰਿਹਾ ਹੈ। ਟਰੰਪ ’ਤੇ ਮੁਕੱਦਮੇ ਨਾਲ ਨਿਆਇਕ ਪ੍ਰਣਾਲੀ ਨੂੰ ਹਥਿਆਰ ਬਣਾਏ ਜਾਣ ਦੀ ਗੱਲ ਮਜ਼ਬੂਤ ਹੋ ਕੇ ਇਕ ਕਰੂਪ ਲੋਕਤੰਤਰ ਦੇ ਰੂਪ ਵਿਚ ਅਮਰੀਕਾ ਦੇ ਅਕਸ ਨੂੰ ਫਿਰ ਤੋਂ ਰੇਖਾਂਕਿਤ ਕਰ ਰਹੀ ਹੈ। ਲੋਕਤੰਤਰ ਦੀ ਖ਼ੂਬਸੂਰਤੀ ਤਾਂ ਇਹੀ ਹੈ ਕਿ ਹੁਕਮਰਾਨ ਆਪਣੇ ਤਾਕਤ ਦੀ ਦੁਰਵਰਤੋਂ ਰਾਜਨੀਤਕ ਵਿਰੋਧੀਆਂ ਵਿਰੁੱਧ ਨਹੀਂ ਕਰਨਗੇ। ਇਸ ਦੇ ਬਾਵਜੂਦ ਲੋਕਤੰਤਰ ਵਿਚ ਨਿਆਇਕ ਤੰਤਰ ਦੀ ਦੁਰਵਰਤੋਂ ਨਾਲ ਨੇਤਾਵਾਂ ’ਤੇ ਮੁਕੱਦਮਿਆਂ ਦੇ ਚਰਚਿਤ ਮਾਮਲਿਆਂ ਦਾ ਚਲਨ ਵਧ ਰਿਹਾ ਹੈ। ਬ੍ਰਾਜ਼ੀਲ ਦੇ ਮੌਜੂਦਾ ਰਾਸ਼ਟਰਪਤੀ ਲੂਲਾ ਡੀ ਸਿਲਵਾ ਦਾ ਮਾਮਲਾ ਹੀ ਲੈ ਲਓ ਤਾਂ ਉਨ੍ਹਾਂ ਨੂੰ 2017 ਵਿਚ ਕਥਿਥ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ ਸਿੱਧ ਕਰ ਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਉਹ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਤਕ ਜੇਲ੍ਹ ਵਿਚ ਹੀ ਰਹੇ ਜਿਸ ਵਿਚ ਬ੍ਰਾਜ਼ੀਲ ਦੀ ਸਰਵਉੱਚ ਅਦਾਲਤ ਨੇ ਪਾਇਆ ਕਿ ਲੂਲਾ ਦੇ ਖ਼ਿਲਾਫ਼ ਮਾਮਲੇ ਦੀ ਸੁਣਵਾਈ ਕਰਨ ਵਾਲੇ ਜੱਜ ਦਾ ਵਤੀਰਾ ਪੱਖਪਾਤੀ ਸੀ। ਰਾਸ਼ਟਰਪਤੀ ਬੋਲਸੋਨਾਰੋ ਦੀ ਸਰਕਾਰ ਵਿਚ ਉਹ ਜੱਜ ਦੇਸ਼ ਦਾ ਕਾਨੂੰਨ ਮੰਤਰੀ ਵੀ ਬਣ ਗਿਆ। ਜੇਕਰ ਲੂਲਾ 2018 ਵਿਚ ਜੇਲ੍ਹ ਵਿਚ ਨਾ ਹੁੰਦੇ ਬੋਲਸੋਨਾਰੋ ਦਾ ਰਾਸ਼ਟਰਪਤੀ ਬਣਨਾ ਵੀ ਮੁਸ਼ਕਲ ਹੁੰਦਾ। ਵਾਪਸ ਅਮਰੀਕਾ ਦੀ ਗੱਲ ਕਰੀਏ ਤਾਂ ਬਾਇਡਨ ਜਿਸ ਤਰ੍ਹਾਂ ਆਪਣੇ ਰਾਜਨੀਤਕ ਵਿਰੋਧੀ ’ਤੇ ਕਾਨੂੰਨੀ ਸ਼ਿਕੰਜਾ ਕੱਸਣ ਵਿਚ ਲੱਗੇ ਹੋਏ ਹਨ, ਉਸ ਨਾਲ ਅਮਰੀਕੀ ਸਮਾਜ ਵਿਚ ਪਾਟੋਧਾੜ ਦਾ ਖ਼ਤਰਾ ਹੋਰ ਡੂੰਘਾ ਹੋਣ ਦੇ ਨਾਲ ਹੀ ਧਰੁਵੀਕਰਨ ਵੀ ਵਧੇਗਾ। ਇਸ ਤੋਂ ਪਹਿਲਾਂ ਅਗਸਤ ਵਿਚ ਕੁਝ ਖ਼ੁਫ਼ੀਆ ਦਸਤਾਵੇਜ਼ਾਂ ਲਈ ਟਰੰਪ ਦੀ ਰਿਹਾਇਸ਼ ’ਤੇ ਐੱਫਬੀਆਈ ਨੇ ਛਾਪਾ ਮਾਰਿਆ ਸੀ। ਤ੍ਰਾਸਦੀ ਇਹ ਰਹੀ ਕਿ ਉਪ ਰਾਸ਼ਟਰਪਤੀ ਰਹਿਣ ਦੌਰਾਨ ਵਾਲੇ ਖ਼ੁਫ਼ੀਆ ਦਸਤਾਵੇਜ਼ ਬਾਇਡਨ ਦੀ ਰਿਹਾਇਸ਼ਗਾਹ ਤੋਂ ਮਿਲੇ। ਬੜਬੋਲਾਪਣ ਭਾਵੇਂ ਹੀ ਟਰੰਪ ਦੀ ਪਛਾਣ ਰਹੀ ਹੈ ਪਰ ਇਹ ਵੀ ਸੱਚ ਹੈ ਕਿ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਨੂੰ ਲੈ ਕੇ ਉਨ੍ਹਾਂ ਦੀ ਇਮਾਨਦਾਰੀ ਅਤੇ ਬੇਬਾਕੀ ਨੇ ਉਨ੍ਹਾਂ ਨੂੰ ‘ਡੀਪ ਸਟੇਟ’ ਦਾ ਨਿਸ਼ਾਨਾ ਬਣਾ ਦਿੱਤਾ। ਰੂਸ ਦੇ ਨਾਲ ਮਿਲੀਭੁਗਤ ਅਤੇ ਮਹਾਦੋਸ਼ ਦੇ ਦੋ ਅਸਫਲ ਯਤਨ ਇਸੇ ਦੇ ਨਤੀਜੇ ਰਹੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਸਾਰ ਭਰ ਵਿਚ ਲੋਕਤੰਤਰੀ ਨੈਤਿਕਤਾ ਅਤੇ ਕਦਰਾਂ-ਕੀਮਤਾਂ ਭਾਰੀ ਦਬਾਅ ਹੇਠ ਹਨ। ਲੋਕਤੰਤਰੀ ਦੇਸ਼ਾਂ ਵਿਚ ਰਾਜਨੀਤਕ ਲੀਡਰਸ਼ਿਪ ਦੀ ਗੁਣਵੱਤਾ ਵਿਚ ਕਮੀ ਧਰੁਵੀਕਰਨ ਦੀ ਰਾਜਨੀਤੀ ਦੇ ਉੱਭਰਨ ਦੀ ਮੁੱਖ ਵਜ੍ਹਾ ਹੈ। ਨੇਤਾ ਰਾਸ਼ਟਰੀ ਮੇਲ-ਜੋਲ ਦੀ ਦਿਸ਼ਾ ਵਿਚ ਯਤਨ ਕਰਨ ਦੀ ਦਿਸ਼ਾ ਵਿਚ ਯਤਨ ਕਰਨ ਦੀ ਥਾਂ ਵੰਡ ਪਾਊ ਰਾਜਨੀਤੀ ਨੂੰ ਹਵਾ ਦੇ ਰਹੇ ਹਨ। ਇਸ ਵਿਚ ਮੀਡੀਆ ਦੇ ਕੁਝ ਹਿੱਸਿਆਂ ਦੀ ਭੂਮਿਕਾ ਵੀ ਸ਼ੱਕੀ ਹੈ। ਇਕ ਗੈਲਪ ਸਰਵੇ ਅਨੁਸਾਰ ਮੀਡੀਆ ’ਤੇ ਅਮਰੀਕੀ ਜਨਤਾ ਦਾ ਭਰੋਸਾ ਘਟ ਕੇ 36 ਫ਼ੀਸਦੀ ਰਹਿ ਗਿਆ ਹੈ। ਧਰੁਵੀਕਰਨ ਸਿਰਫ਼ ਅਮਰੀਕਾ ਤਕ ਹੀ ਸੀਮਤ ਨਹੀਂ ਹੈ। ਦੁਨੀਆ ਦੇ ਤਮਾਮ ਹਿੱਸਿਆਂ ਵਿਚ ਇਸ ਦਾ ਬੋਲਬਾਲਾ ਦਿਸਦਾ ਹੈ। ਲੋਕਤੰਤਰੀ ਦੇਸ਼ਾਂ ਵਿਚ ਨੇਤਾਵਾਂ ’ਤੇ ਜਨਤਾ ਦਾ ਭਰੋਸਾ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਿਆ ਹੈ। ਹਾਲਾਂਕਿ, ਅਮਰੀਕਾ ਵਿਚ ਇਹ ਧਰੁਵੀਕਰਨ ਕੁਝ ਜ਼ਿਆਦਾ ਹੀ ਦਿਸਦਾ ਹੈ, ਜਿੱਥੇ ‘ਇਕ ਅਮਰੀਕਾ-ਦੋ ਰਾਸ਼ਟਰ’ ਦੀਆਂ ਗੱਲਾਂ ਹੋਣ ਲੱਗੀਆਂ ਹਨ। ਰਾਜਨੀਤਕ ਧਰੁਵ ਦੇ ਦੋਵਾਂ ਖੇਮਿਆਂ ਵੱਲੋਂ ਜਾਰੀ ਜ਼ਹਿਰੀਲੀ ਬਿਆਨਬਾਜ਼ੀ ਵੰਡ ਪਾਊ ਸਿੱਧ ਹੋ ਰਹੀ ਹੈ। ਇਹ ਪਾਰਟੀਬਾਜ਼ੀ ਵਾਲਾ ਬਟਵਾਰਾ ਵਿਦੇਸ਼ ਨੀਤੀ ਤਕ ਦਿਸਦਾ ਹੈ। ਜਿੱਥੇ ਅਮਰੀਕੀ ਜਨਮਤ ਸਰਵੇ ਇਹੀ ਦਰਸਾਉਂਦੇ ਹਨ ਕਿ ਰੂਸ ਨੂੰ ਪਿੱਛੇ ਛੱਡ ਕੇ ਚੀਨ ਹੁਣ ਅਮਰੀਕਾ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਗਿਆ ਹੈ। ਇਸ ਦੇ ਬਾਵਜੂਦ ਰਿਪਬਲਿਕਨਜ਼ ਦੀ ਤੁਲਨਾ ਵਿਚ ਡੈਮੋਕ੍ਰੈਟ ਤਬਕਾ ਰੂਸ ’ਤੇ ਹੀ ਅਟਕਿਆ ਹੋਇਆ ਹੈ। ਇਸ ਦਾ ਅਸਰ ਅਸਲ ਨੀਤੀ ’ਤੇ ਵੀ ਦਿਸਦਾ ਹੈ ਜਿੱਥੇ ਬਾਇਡਨ ਆਲਮੀ ਵਿਸਥਾਰਵਾਦੀ ਚੀਨ ਦੀ ਬਜਾਏ ਕਮਜ਼ੋਰ ਹੁੰਦੇ ਰੂਸ ’ਤੇ ਵੱਧ ਧਿਆਨ ਕੇਂਦ੍ਰਿਤ ਕਰਦੇ ਦਿਖਾਈ ਦੇ ਰਹੇ ਹਨ। ਅਮਰੀਕਾ ਦੀ ਪਾਟੋਧਾੜ ਦੀ ਸ਼ਿਕਾਰ ਰਾਜਨੀਤੀ ਵਿਚ ਗਿਰਾਵਟ ਦਾ ਨਿੱਤ ਨਵਾਂ ਪੱਧਰ ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਕੌਮੀ ਵਿਚਾਰ-ਚਰਚਾ ਦਾ ਮਾਹੌਲ ਹੀ ਕੁਸੈਲਾ ਹੋ ਰਿਹਾ ਹੈ। ਅਮਰੀਕਾ ਦਾ ਕੌਮਾਂਤਰੀ ਵੱਕਾਰ ਪ੍ਰਭਾਵਿਤ ਹੋ ਰਿਹਾ ਹੈ। ਇਸ ਦੀ ਵਜ੍ਹਾ ਨਾਲ ਚੀਨ ਵਰਗੇ ਤਾਨਾਸ਼ਾਹ ਮੁਲਕ ਵੀ ਅਮਰੀਕਾ ਨੂੰ ਮਨੁੱਖੀ ਹੱਕਾਂ ਅਤੇ ਲੋਕਤੰਤਰ ਵਰਗੇ ਮੁੱਦਿਆਂ ’ਤੇ ਉਪਦੇਸ਼ ਦੇਣ ਲੱਗੇ ਹਨ। ਆਪਣੇ ਕਮਜ਼ੋਰ ਹੁੰਦੇ ਲੋਕਤੰਤਰ ਨੂੰ ਸੰਭਾਲਣ ਦੀ ਬਜਾਏ ਅਮਰੀਕਾ ਆਪਣੇ ਹਿੱਤਾਂ ਦੀ ਪੂਰਤੀ ਲਈ ਰੂਸ, ਮਿਆਂਮਾਰ ਅਤੇ ਈਰਾਨ ਤਕ ਤਮਾਮ ਦੇਸ਼ਾਂ ਵਿਚ ਸੱਤਾ ਪਰਿਵਰਤਨ ਕਰਵਾਉਣ ਦੇ ਮਕਸਦ ਨਾਲ ਜੁਟਿਆ ਹੋਇਆ ਹੈ। ਉਹ ਭਾਰਤ ਸਮੇਤ ਤਮਾਮ ਮੁਲਕਾਂ ਨੂੰ ਮਨੁੱਖੀ ਹਕੂਕ ਦੀ ਵਿਗੜਦੀ ਹਾਲਤ ’ਤੇ ਭਾਸ਼ਣ ਦਿੰਦਾ ਹੈ ਜਦਕਿ ਅਮਰੀਕਾ ਵਿਚ ਹਰ ਸਾਲ ਪੁਲਿਸ 1000 ਤੋਂ ਵੱਧ ਲੋਕਾਂ ਨੂੰ ਮਾਰ ਦਿੰਦੀ ਹੈ। ਪੁਲਿਸ ਦੁਆਰਾ ਸਿਆਹਫਾਮਾਂ ਦੀ ਮਾਰ-ਕੁਟਾਈ ਅਤੇ ਹੱਤਿਆ ਦੇ ਮਾਮਲੇ ਉੱਥੇ ਲਗਾਤਾਰ ਵਧ ਰਹੇ ਹਨ। ਕੌੜੀ ਸੱਚਾਈ ਇਹੀ ਹੈ ਕਿ ਵੰਡ ਪਾਊ ਸਿਆਸਤ ਤੇ ਧਰੁਵੀਕਰਨ ਨਾ ਸਿਰਫ਼ ਅਮਰੀਕੀ ਲੋਕਤੰਤਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਬਲਕਿ ਇਸ ਨਾਲ ਉਸ ਦੀ ਆਲਮੀ ਚੜ੍ਹਤ ਲਈ ਵੀ ਖ਼ਤਰੇ ਦੀ ਘੰਟੀ ਵੱਜ ਰਹੀ ਹੈ। ਉਮੀਦ ਮੁਤਾਬਕ ਆਪਣੀ ਘਟ ਰਹੀ ਤਾਕਤ ਨੂੰ ਦੇਖਦੇ ਹੋਏ ਅਮਰੀਕਾ ਨੂੰ ਅਜਿਹੇ ਦੂਰਅੰਦੇਸ਼ ਅਤੇ ਊਰਜਾਵਾਨ ਰਾਸ਼ਟਰਪਤੀ ਦੀ ਜ਼ਰੂਰਤ ਹੈ ਜੋ ਦੇਸ਼ ਵਿਚ ਲਗਾਤਾਰ ਵਧ ਰਹੇ ਵੰਡ ਦੇ ਪਾੜੇ ਨੂੰ ਘਟਾ ਸਕੇ। ਪਿਛਲੇ ਸਾਲ ਹੋਏ ਇਕ ਸਰਵੇਖਣ ਵਿਚ ਲਗਪਗ ਦੋ-ਤਿਹਾਈ ਅਮਰੀਕੀਆਂ ਨੇ ਮੰਨਿਆ ਕਿ ਜੋਅ ਬਾਇਡਨ ਦੀ ਅਗਵਾਈ ਵਿਚ ਅਮਰੀਕਾ ਗ਼ਲਤ ਰਸਤੇ ’ਤੇ ਚੱਲ ਰਿਹਾ ਹੈ। ਇਸ ਮਾਹੌਲ ਵਿਚ ਡੋਨਾਲਡ ਟਰੰਪ ਵਿਰੁੱਧ ਕਾਨੂੰਨੀ ਮਹਾਦੋਸ਼ ਅਮਰੀਕਾ ਲਈ ਭਾਰੀ ਪਵੇਗਾ ਜਿਸ ਨਾਲ ਕਾਨੂੰਨੀ ਅਤੇ ਲੋਕਤੰਤਰੀ ਹਾਲਤ ਹੋਰ ਖ਼ਰਾਬ ਹੋਵੇਗੀ। ਅਸਲ ਵਿਚ ਚੀਨ ਜਾਂ ਰੂਸ ਦੀ ਤੁਲਨਾ ਵਿਚ ਅਮਰੀਕਾ ਦਾ ਸਭ ਤੋਂ ਵੱਡਾ ਦੁਸ਼ਮਣ ਉਸ ਦੇ ਅੰਦਰ ਹੀ ਹੈ। ਉਸ ਦੇ ਲਈ ਜ਼ਰੂਰੀ ਹੈ ਕਿ ਉਹ ਵੰਡ ਪਾਊ ਰਾਜਨੀਤੀ ਅਤੇ ਧਰੁਵੀਕਰਨ ਤੋਂ ਬਾਹਰ ਨਿਕਲੇ ਤਾਂ ਜੋ ਸਮਾਜ ਵਿਚ ਪਈਆਂ ਖਾਈਆਂ ਨੂੰ ਭਰਿਆ ਜਾ ਸਕੇ।-ਬ੍ਰਹਮਾ ਚੇਲਾਨੀ