ਨਵੀਂ ਦਿੱਲੀ, 25 ਮਾਰਚ
ਰੇਲਵੇ ‘ਚ ਜ਼ਮੀਨ ਬਦਲੇ ਨੌਕਰੀ ਘੁਟਾਲੇ ਦੇ ਕੇਸ ਨਾਲ ਚੱਲ ਰਹੀ ਜਾਂਚ ‘ਚ ਅੱਜ ਸੀਬੀਆਈ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਤੋਂ ਅੱਠ ਘੰਟੇ ਪੁੱਛ-ਪੜਤਾਲ ਕੀਤੀ। ਉਧਰ ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਤੇਜਸਵੀ ਦੀ ਭੈਣ ਅਤੇ ਰਾਜ ਸਭਾ ਮੈਂਬਰ ਮੀਸਾ ਭਾਰਤੀ ਤੋਂ ਵੀ ਇਸੇ ਮਾਮਲੇ ‘ਚ ਛੇ ਘੰਟੇ ਪੁੱਛ-ਗਿੱਛ ਕੀਤੀ। ਤੇਜਸਵੀ ਯਾਦਵ ਨੂੰ ਇਸ ਤੋਂ ਪਹਿਲਾਂ ਸੀਬੀਆਈ ਨੇ ਤਿੰਨ ਵਾਰ ਤਲਬ ਕੀਤਾ ਸੀ ਪਰ ਉਹ ਕਿਸੇ ਕਾਰਨਾਂ ਕਰਕੇ ਪੇਸ਼ ਨਹੀਂ ਹੋਇਆ ਸੀ। ਪਿਛਲੇ ਹਫ਼ਤੇ ਤੇਜਸਵੀ ਨੇ ਦਿੱਲੀ ਹਾਈ ਕੋਰਟ ‘ਚ ਵਾਅਦਾ ਕੀਤਾ ਸੀ ਕਿ ਉਹ ਸੀਬੀਆਈ ਅੱਗੇ ਪੇਸ਼ ਹੋਣਗੇ।
ਅਧਿਕਾਰੀਆਂ ਨੇ ਕਿਹਾ ਕਿ ਉਹ ਸਵੇਰੇ ਸਾਢੇ 10 ਵਜੇ ਦੇ ਕਰੀਬ ਸੀਬੀਆਈ ਹੈੱਡਕੁਆਰਟਰ ‘ਤੇ ਪਹੁੰਚਿਆ ਅਤੇ ਜਾਂਚ ਟੀਮ ਨੇ ਰਾਤ ਅੱਠ ਵਜੇ ਤੱਕ ਉਸ ਨੂੰ ਸਵਾਲ ਕੀਤੇ। ਇਸ ਦੌਰਾਨ ਡੇਢ ਘੰਟੇ ਦੀ ਲੰਚ ਬਰੇਕ ਸਮੇਂ ਤੇਜਸਵੀ ਇਮਾਰਤ ਤੋਂ ਬਾਹਰ ਵੀ ਗਿਆ ਅਤੇ ਉਸ ਨੇ ਹਸਪਤਾਲ ‘ਚ ਦਾਖ਼ਲ ਬਿਮਾਰ ਪਤਨੀ ਨਾਲ ਮੁਲਾਕਾਤ ਵੀ ਕੀਤੀ। ਸੀਬੀਆਈ ਦੀ ਜਾਂਚ ਤੇਜਸਵੀ ਦੇ ਵਿੱਤੀ ਲੈਣ-ਦੇਣ, ਏ ਬੀ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਅਤੇ ਏ ਕੇ ਇੰਫੋਸਿਸਟਮਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਾਂ ‘ਤੇ ਕੇਂਦਰਿਤ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਈਡੀ ਨੇ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਭਾਰਤੀ ਤੋਂ ਜ਼ਮੀਨ ਬਦਲੇ ਨੌਕਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ‘ਚ ਪੁੱਛ-ਗਿੱਛ ਕੀਤੀ। ਉਹ ਸਵੇਰੇ 11 ਵਜੇ ਦੇ ਕਰੀਬ ਏਜੰਸੀ ਦੇ ਦਫ਼ਤਰ ‘ਚ ਪਹੁੰਚੀ ਅਤੇ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਬਿਆਨ ਦਰਜ ਕੀਤੇ। ਦੋਵੇਂ ਕੇਂਦਰੀ ਏਜੰਸੀਆਂ ਨੇ ਇਸ ਕੇਸ ‘ਚ ਜਾਂਚ ਸ਼ੁਰੂ ਕੀਤੀ ਹੋਈ ਹੈ। ਸੀਬੀਆਈ ਨੇ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਤੋਂ ਵੀ ਪੁੱਛ-ਗਿੱਛ ਕੀਤੀ ਸੀ ਜਦਕਿ ਈਡੀ ਨੇ ਲਾਲੂ ਦੇ ਪਰਿਵਾਰਕ ਮੈਂਬਰਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰ ਕੇ ਅਣਐਲਾਨੀ ਨਕਦੀ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਸਨ। -ਪੀਟੀਆਈ
ਵਿਰੋਧੀ ਧਿਰ ਅਤੇ ਲੋਕਤੰਤਰ ਖ਼ਤਮ ਕਰਨਾ ਚਾਹੁੰਦੀ ਹੈ ਭਾਜਪਾ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਰਜੇਡੀ ਆਗੂਆਂ ਤੇਜਸਵੀ ਯਾਦਵ ਅਤੇ ਮੀਸਾ ਭਾਰਤੀ ਦੀ ਜਾਂਚ ਏਜੰਸੀਆਂ ਵੱਲੋਂ ਕੀਤੀ ਗਈ ਪੁੱਛ-ਗਿੱਛ ਲਈ ਭਾਜਪਾ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਹਾਕਮ ਜਮਾਤ ਵਿਰੋਧੀ ਧਿਰ ਅਤੇ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਪ੍ਰਿਯੰਕਾ ਨੇ ਟਵੀਟ ਕਰਕੇ ਕਿਹਾ ਕਿ ਤੇਜਸਵੀ ਅਤੇ ਮੀਸਾ ਨੂੰ ਏਜੰਸੀਆਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ‘ਤੇ ਹਮਲੇ ਖ਼ਿਲਾਫ਼ ਉਹ ਸਾਰੇ ਇਕਜੁੱਟ ਹਨ। -ਪੀਟੀਆਈ