ਨਵੀਂ ਦਿੱਲੀ, 7 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਦੇ ਆਧੁਨਿਕੀਰਨ ਦੀ ਜ਼ੋਰਦਾਰ ਵਕਾਲਤ ਕੀਤੀ ਤਾਂ ਕਿ ਦੇਸ਼ ਨੂੰ ਖੇਤੀ ਖੇਤਰ ਵਿਚ ਆਤਮ ਨਿਰਭਰ ਅਤੇ ਵਿਸ਼ਵ ਪੱਧਰੀ ਅਗਵਾਈ ਕਰਨ ਵਿਚ ਮਦਦ ਮਿਲ ਸਕੇ | ਇੱਥੇ ਹੋਈ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਵਪਾਰ, ਸੈਰ-ਸਪਾਟਾ ਅਤੇ ਤਕਨੀਕ ਦੇ ਖੇਤਰ ਵਿਚ ਦਰਾਮਦ ਘਟਾ ਕੇ ਬਰਾਮਦ ਵਧਾਉਣ ‘ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਸਥਾਨਕ ਲੋਕਾਂ ਨੂੰ ਜਿੱਥੇ ਤੱਕ ਹੋ ਸਕੇ ਸਵਦੇਸ਼ੀ ਸਾਮਾਨ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ‘ਵੋਕਲ ਫਾਰ ਲੋਕਲ’ ਕਿਸੇ ਇਕ ਰਾਜਨੀਤਕ ਪਾਰਟੀ ਦਾ ਏਜੰਡਾ ਨਹੀਂ ਹੈ ਸਗੋਂ ਇਕ ਸਾਂਝਾ ਟੀਚਾ ਹੈ | ਉਨ੍ਹਾਂ ਕਿਹਾ ਕਿ ਭਾਰਤ ਨੂੰ ਆਧੁਨਿਕ ਖੇਤੀਬਾੜੀ, ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਸਾਰਿਆਂ ਸੂਬਿਆਂ ਨੇ ਆਪਣੀ ਸਮਰੱਥਾ ਅਨੁਸਾਰ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤ ਦੇ ਸਾਰੇ ਮੁੱਖ ਸਕੱਤਰ ਇਕ ਜਗ੍ਹਾ ਮਿਲੇ ਹੋਣ ਅਤੇ ਤਿੰਨ ਦਿਨਾਂ ਤੱਕ ਰਾਸ਼ਟਰੀ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੋਵੇ |
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਜੀ.ਐਸ.ਟੀ. ਉਗਰਾਹੀ ਵਿਚ ਸੁਧਾਰ ਹੋਇਆ ਹੈ ਪਰ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ | ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਉਗਰਾਹੀ ਵਧਾਉਣ ਲਈ ਕੇਂਦਰ ਅਤੇ ਸੂਬਿਆਂ ਵਲੋਂ ਸਮੂਹਿਕ ਕਾਰਵਾਈ ਦੀ ਜ਼ਰੂਰਤ ਹੈ | ਇਹ ਸਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਅਤੇ 5 ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਨੀਤੀ ਆਯੋਗ ਸੂਬਿਆਂ ਦੀਆਂ ਚਿੰਤਾਵਾਂ, ਚੁਣੌਤੀਆਂ ਅਤੇ ਸਰਬੋਤਮ ਅਭਿਆਸਾਂ ਦਾ ਅਧਿਐਨ ਕਰੇਗਾ ਅਤੇ ਬਾਅਦ ਵਿਚ ਅੱਗੇ ਦੀ ਯੋਜਨਾ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਬੈਠਕ ਵਿਚ ਜਿਹੜੇ ਮੁੱਦਿਆਂ ‘ਤੇ ਚਰਚਾ ਕੀਤੀ ਗਈ ਉਹ ਅਗਲੇ 25 ਸਾਲਾਂ ਲਈ ਰਾਸ਼ਟਰੀ ਤਰਜੀਹਾਂ ਨੂੰ ਪ੍ਰਭਾਸ਼ਿਤ ਕਰਨਗੇ | ਪ੍ਰਧਾਨ ਮੰਤਰੀ ਨੇ 2023 ਵਿਚ ਭਾਰਤ ਦੇ ਜੀ-20 ਪ੍ਰੈਜ਼ੀਡੈਂਸੀ ਬਾਰੇ ਵੀ ਗੱਲ ਕੀਤੀ ਅਤੇ ਇਸ ਨੂੰ ਦੁਨੀਆ ਨੂੰ ਇਹ ਦਿਖਾਉਣ ਦਾ ਵੱਖਰਾ ਤਰੀਕਾ ਦੱਸਿਆ ਕਿ ਭਾਰਤ ਸਿਰਫ ਦਿੱਲੀ ਨਹੀਂ ਹੈ, ਇਹ ਦੇਸ਼ ਦਾ ਹਰ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ | ਇਸ ਬੈਠਕ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, 23 ਸੂਬਿਆਂ ਦੇ ਮੁੱਖ ਮੰਤਰੀਆਂ, 3 ਉਪ ਰਾਜਪਾਲ ਅਤੇ 2 ਪ੍ਰਸ਼ਾਸਕਾਂ ਸਮੇਤ ਹੋਰ ਕੇਂਦਰੀ ਮੰਤਰੀ ਸ਼ਾਮਿਲ ਹੋਏ | ਬੈਠਕ ਦਾ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਸੀ.ਰਾਓ ਵਲੋਂ ਪਹਿਲਾਂ ਹੀ ਬਾਈਕਾਟ ਕੀਤਾ ਗਿਆ ਸੀ ਅਤੇ ਕੋਰੋਨਾ ਤੋਂ ਠੀਕ ਹੋ ਰਹੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਇਸ ਵਿਚ ਸ਼ਾਮਿਲ ਨਹੀਂ ਹੋ ਸਕੇ | ਬੈਠਕ ਬਾਰੇ ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ ਨੇ ਕਿਹਾ ਕਿ ਅੱਜ ਚਾਰ ਮੁੱਖ ਏਜੰਡਿਆਂ ‘ਤੇ ਚਰਚਾ ਕੀਤੀ ਗਈ | ਪਹਿਲਾ ਫਸਲ ਵਿਭੰਨਤਾ ਤੇ ਦਾਲਾਂ, ਤੇਲ ਬੀਜਾਂ ਤੇ ਹੋਰ ਖੇਤੀ ਵਸਤੂਆਂ ਵਿਚ ਆਤਮਨਿਰਭਰਤਾ ਪ੍ਰਾਪਤ ਕਰਨਾ | ਦੂਸਰਾ ਸਕੂਲੀ ਸਿੱਖਿਆ ਵਿਚ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਨਾ, ਤੀਸਰਾ ਉੱਚ ਸਿੱਖਿਆ ਵਿਚ ਰਾਸ਼ਟਰੀ ਸਿੱਖਿਆ ਨੀਤੀ ਅਪਣਾਉਣਾ ਅਤੇ ਚੌਥਾ ਸ਼ਹਿਰੀ ਸ਼ਾਸਨ | ਮੋਦੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਕਾਫੀ ਵਿਚਾਰ ਚਰਚਾ ਤੋਂ ਬਾਅਦ ਤਿਆਰ ਕੀਤੀ ਗਈ ਹੈ | ਸਾਨੂੰ ਇਸ ਨੂੰ ਲਾਗੂ ਕਰਨ ਵਿਚ ਸਾਰੇ ਹਿਤਧਾਰਕਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਇਸ ਲਈ ਇਕ ਸਪੱਸ਼ਟ, ਸਮਾਂਬੱਧ ਰੋਡਮੈਪ ਵਿਕਸਿਤ ਕਰਨਾ ਚਾਹੀਦਾ ਹੈ |