ਜਾਖੜ ਨੂੰ ਚੋਣ ਪ੍ਰਚਾਰ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੀ ਮੈਨੀਫੈਸਟੋ ਕਮੇਟੀ ਦੀ ਕਮਾਨ * ਅਜੇ ਮਾਕਨ ਨੂੰ ਮਿਲੀ ਸਕਰੀਨਿੰਗ ਕਮੇਟੀ ਦੀ ਜ਼ਿੰਮੇਵਾਰੀ
ਨਵੀਂ ਦਿੱਲੀ / ਪੰਜਾਬ ਕਾਂਗਰਸ ਆਗੂਆਂ ਦੇ ਆਪਾ-ਵਿਰੋਧੀ ਬਿਆਨਾਂ ਦਰਮਿਆਨ ਹੀ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੀ ਕਵਾਇਦ ਤਹਿਤ ਕਾਂਗਰਸ ਵਲੋਂ ਕਈ ਕਮੇਟੀਆਂ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਵਲੋਂ ਐਲਾਨੀਆਂ ਚੋਣ ਕਮੇਟੀਆਂ ‘ਚ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ, ਸੁਨੀਲ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਜੈ ਮਾਕਨ ਨੂੰ ਸਕਰੀਨਿੰਗ ਕਮੇਟੀ ਦਾ ਪ੍ਰਧਾਨ ਐਲਾਨਿਆ ਗਿਆ ਹੈ। ਚੰਦਨ ਯਾਦਵ ‘ਤੇ ਕ੍ਰਿਸ਼ਣਾ ਅਲਾਵਰੂ ਇਸ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ। ਸਕਰੀਨਿੰਗ ਕਮੇਟੀ ‘ਚ ਉਨ੍ਹਾਂ ਆਗੂਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜੋ ਪੰਜਾਬ ‘ਚ ਆਪਣੇ ਅਹੁਦਿਆਂ ਦੇ ਕਾਰਨ ਉਮੀਦਵਾਰਾਂ ਦੀ ਚੋਣ ਕਰਨ ‘ਚ ਅਹਿਮੀਅਤ ਰੱਖਦੇ ਹਨ। ਇਨ੍ਹਾਂ ਆਗੂਆਂ ‘ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਸ਼ਾਮਿਲ ਹਨ। ਇਸ ਤੋਂ ਇਲਾਵਾ ਪੰਜਾਬ ‘ਚ ਕਾਂਗਰਸ ਦੇ ਸਾਰੇ ਸਕੱਤਰ ਇੰਚਾਰਜ ਵੀ ਸਕਰੀਨਿੰਗ ਕਮੇਟੀ ਦੇ ਮੈਂਬਰ ਹਨ।
ਹਿੰਦੂ ਵੋਟਾਂ ‘ਤੇ ਕਾਂਗਰਸ ਦੀ ਨਜ਼ਰ ਕਾਂਗਰਸ ਵਲੋਂ ਜਾਰੀ ਸੂਚੀ ‘ਚ ਅੰਬਿਕਾ ਸੋਨੀ ਅਤੇ ਸੁਨੀਲ ਜਾਖੜ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਸੂਬੇ ਦੀਆਂ ਹਿੰਦੂ ਵੋਟਾਂ ਨੂੰ ਆਪਣੇ ਪਾਲੇ ‘ਚ ਕੀਤਾ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਅੰਬਿਕਾ ਸੋਨੀ ਅਤੇ ਸੁਨੀਲ ਜਾਖੜ ਦੋਵੇਂ ਹੀ ਮੁੱਖ ਮੰਤਰੀ ਦੇ ਮੁੱਖ ਦਾਅਵੇਦਾਰਾਂ ਵਜੋਂ ਪਾਰਟੀ ਹਾਈਕਮਾਨ ਦੀ ਤਰਜੀਹੀ ਪਸੰਦ ਸਨ। ਜਿੱਥੇ ਅੰਬਿਕਾ ਸੋਨੀ ਨੇ ਆਪ ਹੀ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਉੱਥੇ ਸਿੱਖ ਚਿਹਰੇ ਨੂੰ ਅੱਗੇ ਲਿਆਉਣ ਦੀ ਤਜਵੀਜ਼ ਕਾਰਨ ਸੁਨੀਲ ਜਾਖੜ ਦਾ ਨਾਂਅ ਇਸ ਤੋਂ ਬਾਹਰ ਹੋ ਗਿਆ ਸੀ। ਹਲਕਿਆਂ ਮੁਤਾਬਿਕ ਪਾਰਟੀ ਦੇ ਇਸ ਫ਼ੈਸਲੇ ਤੋਂ ਬਾਅਦ ਸੁਨੀਲ ਜਾਖੜ ਕਾਫ਼ੀ ਖਫ਼ਾ ਹਨ।
ਪਾਰਟੀ ਵਲੋਂ ਸੁਨੀਲ ਜਾਖੜ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਸਨ। ਜਾਖੜ ਨੇ ਸਿੱਧੂ ਜਾਂ ਚੰਨੀ ਹੇਠ ਕੋਈ ਵੀ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜਾਖੜ ਲਗਾਤਾਰ ਆਪਣੇ ਟਵੀਟਾਂ ਰਾਹੀਂ ਨਵਜੋਤ ਸਿੰਘ ਸਿੱਧੂ ਅਤੇ ਚੰਨੀ ਨੂੰ ਵੀ ਨਿਸ਼ਾਨੇ ‘ਤੇ ਲੈਂਦੇ ਰਹੇ ਹਨ। ਹਾਲਾਂਕਿ ਹਾਈਕਮਾਨ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਉਹ ਗੁਰੇਜ਼ ਕਰਦੇ ਰਹੇ। ਹਲਕਿਆਂ ਮੁਤਾਬਿਕ ਜਾਖੜ ਲਗਾਤਾਰ ਪਾਰਟੀ ਹਾਈਕਮਾਨ ਦੇ ਸੰਪਰਕ ‘ਚ ਵੀ ਰਹਿ ਰਹੇ ਸਨ। ਦੂਜੇ ਪਾਸੇ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਵੀ ਦੱਬੇ-ਘੁੱਟੇ ਹੋਣ ਦੀ ਖ਼ਬਰ ਸੀ। ਹਲਕਿਆਂ ਮੁਤਾਬਿਕ ਸਭ ਤੋਂ ਪਹਿਲਾਂ ਕੈਪਟਨ ਦਾ ਵਿਰੋਧ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਨਾ ਸੌਂਪੇ ਜਾਣ ‘ਤੇ ਉਹ ਨਾਰਾਜ਼ ਚੱਲ ਰਹੇ ਸਨ। ਹੁਣ ਕਾਂਗਰਸ ਵਲੋਂ ਇਨ੍ਹਾਂ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕਵਾਇਦ ਹੇਠ ਚੋਣਾਂ ਦੀਆਂ ਤਿਆਰੀਆਂ ਦਾ ਅਹਿਮ ਜ਼ਿੰਮਾ ਉਨ੍ਹਾਂ ਨੂੰ ਸੌਂਪਿਆ ਗਿਆ ਹੈ।