ਨਵੀਂ ਦਿੱਲੀ, 27 ਮਾਰਚ
ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਤੀ ਸਾਲ ਲਈ ਭਾਰਤ ਦੀ ਆਰਥਿਕ ਵਿਕਾਸ ਦਰ 6 ਫੀਸਦ ਰਹਿਣ ਦੇ ਆਪਣੇ ਅਨੁਮਾਨਾਂ ਨੂੰ ਬਰਕਰਾਰ ਰੱਖਿਆ ਹੈ। ਏਜੰਸੀ ਨੇ ਇਸ ਤੋਂ ਅਗਲੇ ਵਿੱਤੀ ਸਾਲ 2024-25 ਤੇ 2025-26 ਵਿੱਚ ਵਿਕਾਸ ਦਰ 6.9 ਫੀਸਦ ‘ਤੇ ਪੁੱਜਣ ਦੀ ਉਮੀਦ ਜਤਾਈ ਹੈ। ਐੱਸਐਂਡਪੀ ਨੇ ਏਸ਼ੀਆ-ਪ੍ਰਸ਼ਾਂਤ ਲਈ ਤਿਮਾਹੀ ਆਰਥਿਕ ਜਾਣਕਾਰੀ ਅਪਡੇਟ ਕਰਦਿਆਂ ਕਿਹਾ ਕਿ ਮਹਿੰਗਾਈ ਦਰ ਚਾਲੂ ਵਿੱਤੀ ਸਾਲ ਦੀ 6.8 ਫੀਸਦ ਤੋਂ ਨਰਮ ਹੋ ਕੇ 2023-24 ਵਿੱਚ ਪੰਜ ਫੀਸਦ ਰਹੇਗੀ। ਉਧਰ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਚਾਲੂ ਵਿੱਤੀ ਸਾਲ (2022-23) ਵਿੱਚ 7 ਫੀਸਦ ਦੀ ਦਰ ਨਾਲ ਵਧੇਗੀ, ਪਰ 2023-24 ਵਿੱਚ ਇਹ ਘਟ ਕੇ 6 ਫੀਸਦ ‘ਤੇ ਆ ਜਾਵੇਗੀ। ਇਸ ਵਿੱਚ ਕਿਹਾ ਗਿਆ, ”2024-2026 ਵਿੱਚ ਭਾਰਤ ਦੀ ਔਸਤ ਵਿਕਾਸ ਦਰ ਸੱਤ ਫੀਸਦ ਰਹੇਗੀ।” ਮਗਰੋਂ 2024-25 ਤੇ 2025-26 ਵਿੱਚ ਜੀਡੀਪੀ ਦੇ 6.9 ਫੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ। 2026-27 ਲਈ ਇਹ 7.1 ਫੀਸਦ ਹੋਵੇਗੀ। ਰੇਟਿੰਗ ਏਜੰਸੀ ਨੇ ਕਿਹਾ, ”ਭਾਰਤ ਵਿੱਚ ਅਰਥਚਾਰੇ ਨੂੰ ਰਵਾਇਤੀ ਰੂਪ ਵਿੱਚ ਘਰੇਲੂ ਮੰਗ ਅਸਰਅੰਦਾਜ਼ ਕਰਦੀ ਹੈ। ਹਾਲਾਂਕਿ ਮਗਰੋਂ ਇਹ ਆਲਮੀ ਚੱਕਰ ਪ੍ਰਤੀ ਸੰਵੇਦਨਸ਼ੀਲ ਹੋ ਗਈ, ਜਿਸ ਦਾ ਕਾਰਨ ਜਿਣਸਾਂ ਦੀ ਬਰਾਮਦ ਵਿੱਚ ਵਾਧਾ ਹੈ। ਅਕਤੂਬਰ ਦਸੰਬਰ 2022 ਵਿਚ ਜੀਡੀਪੀ ਵਾਧਾ ਸਾਲਾਨਾ ਅਧਾਰ ‘ਤੇ ਮੱਧਮ ਪੈ ਕੇ 4.4 ਫੀਸਦ ‘ਤੇ ਆ ਗਈ।” -ਪੀਟੀਆਈ