*ਏਸ਼ੀਆਈ ਖੇਡਾਂ ਲਈ ਭਾਰਤੀ ਪੁਰਸ਼ ਫੁੱਟਬਾਲ ਟੀਮ ਦਾ ਐਲਾਨ*
ਨਵੀਂ ਦਿੱਲੀ : ਇਸ ਮਹੀਨੇ ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਭਾਰਤੀ
ਪੁਰਸ਼ ਫੁਟਬਾਲ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਆਲ ਇੰਡੀਆ ਫੁਟਬਾਲ ਫੈਡਰੇਸ਼ਨ
(ਏਆਈਐਫਐਫ) ਨੇ 18 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕੀਤਾ ਹੈ। ਏਸ਼ਿਆਈ ਖੇਡਾਂ ਵਿੱਚ ਸਿਰਫ਼
ਅੰਡਰ-23 ਫੁੱਟਬਾਲ ਟੀਮਾਂ ਹੀ ਹਿੱਸਾ ਲੈਣਗੀਆਂ। ਜਿਸ ਵਿੱਚ ਸਾਰੀਆਂ ਟੀਮਾਂ ਦੇ ਕੇਵਲ 3
ਸੀਨੀਅਰ ਖਿਡਾਰੀ ਹੀ ਭਾਗ ਲੈ ਸਕਣਗੇ। ਇਸ ਤੋਂ ਪਹਿਲਾਂ 1 ਅਗਸਤ ਨੂੰ ਜਦੋਂ 22 ਮੈਂਬਰੀ
ਭਾਰਤੀ ਟੀਮ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ ਤਾਂ ਤਿੰਨ ਸੀਨੀਅਰ ਖਿਡਾਰੀਆਂ ਨੂੰ ਸ਼ਾਮਲ ਕੀਤਾ
ਗਿਆ ਸੀ। ਸੀਨੀਅਰ ਖਿਡਾਰੀਆਂ ਵਿੱਚ ਸੰਦੇਸ਼ ਝਿੰਗਨ, ਗੁਰਪ੍ਰੀਤ ਸਿੰਘ ਸੰਧੂ ਅਤੇ ਸੁਨੀਲ
ਛੇਤਰੀ ਸਨ ਪਰ ਹੁਣ ਸਿਰਫ਼ ਛੇਤਰੀ ਨੂੰ ਹੀ ਥਾਂ ਮਿਲੀ ਹੈ। ਟੂਰਨਾਮੈਂਟ ਵਿੱਚ 23 ਟੀਮਾਂ ਹਨ,
ਜਿਨ੍ਹਾਂ ਨੂੰ ਛੇ ਗਰੁੱਪਾਂ ਵਿੱਚ ਵੰਡਿਆ ਗਿਆ ਹੈ, ਗਰੁੱਪ ਏ, ਬੀ, ਸੀ, ਈ ਅਤੇ ਐੱਫ ਵਿੱਚ
ਚਾਰ-ਚਾਰ ਟੀਮਾਂ ਹਨ, ਜਦੋਂ ਕਿ ਗਰੁੱਪ ਡੀ ਵਿੱਚ ਤਿੰਨ ਟੀਮਾਂ ਹਨ। ਭਾਰਤ ਦੀ ਪੁਰਸ਼ ਟੀਮ
ਨੂੰ ਮੇਜ਼ਬਾਨ ਚੀਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ
ਹੈ। ਏਸ਼ੀਆਈ ਖੇਡਾਂ ਇਸ ਸਾਲ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ
ਹੋਣਗੀਆਂ। ਭਾਰਤ ਨੇ ਏਸ਼ੀਆਈ ਖੇਡਾਂ (1951 ਅਤੇ 1962) ਵਿੱਚ 2 ਸੋਨ ਤਗਮੇ ਜਿੱਤੇ ਹਨ। ਟੀਮ
1970 ਵਿੱਚ ਕਾਂਸੀ ਦਾ ਤਗਮਾ ਵੀ ਜਿੱਤ ਚੁੱਕੀ ਹੈ। ਭਾਰਤੀ ਪੁਰਸ਼ ਅਤੇ ਮਹਿਲਾ ਫੁੱਟਬਾਲ
ਟੀਮਾਂ ਨੂੰ ਏਸ਼ੀਆਡ ਲਈ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਹੈ। ਭਾਰਤੀ ਟੀਮ
ਨੂੰ 2018 ਦੀਆਂ ਏਸ਼ਿਆਈ ਖੇਡਾਂ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਖੇਡ
ਮੰਤਰਾਲੇ ਦੇ ਨਿਯਮਾਂ ਦਾ ਕਹਿਣਾ ਹੈ ਕਿ ਸਿਰਫ ਏਸ਼ੀਆ ਟਾਪ-8 ਵਿੱਚ ਦਰਜਾ ਪ੍ਰਾਪਤ ਟੀਮਾਂ
ਨੂੰ ਹੀ ਟੀਮ ਈਵੈਂਟ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਿਛਲੀ ਵਾਰ ਟੀਮ ਨੇ
2014 ਦੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਸੀ।
—————————
ਏਸ਼ੀਆਈ ਖੇਡਾਂ ਲਈ ਭਾਰਤੀ ਟੀਮ
ਗੁਰਮੀਤ ਸਿੰਘ, ਧੀਰਜ ਸਿੰਘ, ਸੁਮਿਤ ਰਾਠੀ, ਨਰਿੰਦਰ ਗਹਿਲੋਤ, ਅਮਰਜੀਤ ਸਿੰਘ ਕਿਆਮ,
ਸੈਮੂਅਲ ਜੇਮਸ, ਰਾਹੁਲ ਕੇਪੀ, ਅਬਦੁਲ ਰਬੀਹ, ਆਯੂਸ਼ ਦੇਵ ਛੇਤਰੀ, ਬ੍ਰਾਈਸ ਮਿਰਾਂਡਾ, ਅਜ਼ਫਰ
ਨੂਰਾਨੀ, ਰਹੀਮ ਅਲੀ, ਵਿੰਚੀ ਬੈਰੇਟੋ, ਸੁਨੀਲ ਛੇਤਰੀ। , ਰੋਹਿਤ ਦਾਨੂ, ਗੁਰਕੀਰਤ ਸਿੰਘ ਅਤੇ
ਅਨਿਕੇਤ ਜਾਧਵ।