ਪ੍ਰਯਾਗਰਾਜ (ਯੂਪੀ), 28 ਮਾਰਚ
ਇਥੋਂ ਦੀ ਅਦਾਲਤ ਨੇ ਮਾਫੀਆ ਤੋਂ ਸਿਆਸਤਦਾਨ ਬਣੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਉਸ ਦੇ ਵਕੀਲ ਸੌਲਤ ਹਨੀਫ ਅਤੇ ਸਾਥੀ ਦਿਨੇਸ਼ ਪਾਸੀ ਨੂੰ 2005 ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਤੱਤਕਾਲੀ ਵਿਧਾਇਕ ਰਾਜੂ ਪਾਲ ਦੇ ਕਤਲ ਕੇਸ ਦੇ ਗਵਾਹ ਉਮੇਸ਼ ਪਾਲ ਨੂੰ ਅਗਵਾ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੰਦਿਆਂ ਬਾਮੁਸ਼ੱਕਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 7 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਇਨ੍ਹਾਂ ਨੂੰ ਭਾਰੀ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਮੇਸ਼ ਪਾਲ ਦੀ ਪਤਨੀ ਜਯਾ ਪਾਲ ਨੇ ਕਿਹਾ ਕਿ ਉਹ ਅਦਾਲਤ ਨਹੀਂ ਜਾਵੇਗੀ ਅਤੇ ਆਪਣੇ ਘਰ ਹੀ ਫੈਸਲੇ ਦਾ ਇੰਤਜ਼ਾਰ ਕਰੇਗੀ।