ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 26 ਮਾਰਚ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਸਭ ਤੋਂ ਭਾਰੀ ਐੱਲਵੀਐੱਮ3 ਰਾਕੇਟ ਰਾਹੀਂ ਬਰਤਾਨੀਆ ਸਥਿਤ ਵਨਵੈੱਬ ਸਮੂਹ ਕੰਪਨੀ ਦੇ 36 ਉਪਗ੍ਰਹਿ ਸਫਲਤਾਪੂਰਵਕ ਉਨ੍ਹਾਂ ਦੇ ਨਿਰਧਾਰਤ ਪੰਧ ਵਿੱਚ ਸਥਾਪਤ ਕਰ ਕੇ ਅੱਜ ਇਕ ਹੋਰ ਉਪਲਬਧੀ ਹਾਸਲ ਕਰ ਲਈ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਉਪਲਬਧੀ ਲਈ ਇਸਰੋ ਦੀ ਸ਼ਲਾਘਾ ਕੀਤੀ।
ਇਸਰੋ ਦੇ 43.5 ਮੀਟਰ ਲੰਬੇ ਰਾਕੇਟ ਨੂੰ 24.30 ਵਜੇ ਦੀ ਉਲਟੀ ਗਿਣਤੀ ਸਮਾਪਤ ਹੋਣ ਤੋਂ ਬਾਅਦ ਚੇਨੱਈ ਤੋਂ ਕਰੀਬ 135 ਕਿਲੋਮੀਟਰ ਦੂਰ ਸਤੀਸ਼ ਧਵਨ ਪੁਲਾੜ ਕੇਂਦਰ ਵਿੱਚ ਦੂਜੇ ਲਾਂਚ ਪੈਡ ਤੋਂ ਅੱਜ ਸਵੇਰੇ 9 ਵਜੇ ਲਾਂਚ ਕੀਤਾ ਗਿਆ। ਇਹ ਇਸਰੋ ਦੀ ਵਪਾਰਕ ਇਕਾਈ ਨਿਊਸਪੇਸ ਇੰਡੀਆ ਲਿਮਿਟਡ (ਐੱਨਐੱਸਆਈਐੱਲ) ਦਾ ਦੂਜਾ ਮਿਸ਼ਨ ਹੈ।
ਇਸਰੋ ਨੇ ਧਰਤੀ ਦੇ ਹੇਠਲੇ ਪੰਧ (ਐੱਲਈਓ) ਵਿੱਚ 72 ਉਪਗ੍ਰਹਿ ਭੇਜਣ ਲਈ ਬਰਤਾਨੀਆ ਦੀ ਨੈੱਟਵਰਕ ਐਕਸੈੱਸ ਐੱਸੋਸੀਏਟਸ ਲਿਮਿਟਡ (ਵਨਵੈੱਬ ਗਰੁੱਪ ਕੰਪਨੀ) ਨਾਲ ਇਕ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਇਹ ਵਨਵੈੱਬ ਲਈ ਦੂਜਾ ਲਾਂਚ ਸੀ। ਇਸ ਤੋਂ ਪਹਿਲਾਂ ਕੰਪਨੀ ਲਈ ਪਹਿਲੇ 36 ਉਪਗ੍ਰਹਿ 23 ਅਕਤੂਬਰ 2022 ਨੂੰ ਲਾਂਚ ਕੀਤੇ ਗਏ ਸਨ।
ਵਨਵੈੱਬ ਪੁਲਾੜ ਤੋਂ ਸੰਚਾਲਿਤ ਇਕ ਵਿਸ਼ਵ ਪੱਧਰੀ ਸੰਚਾਰ ਨੈੱਟਵਰਕ ਹੈ ਜੋ ਕਿ ਸਰਕਾਰਾਂ ਤੇ ਉਦਯੋਗਾਂ ਨੂੰ ਸੰਪਰਕ ਦੀ ਸੁਵਿਧਾ ਮੁਹੱਈਆ ਕਰਾਉਂਦਾ ਹੈ। ਇਸਰੋ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕਿਹਾ, ”ਐੱਲਵੀਐੱਮ3-ਐੱਮ3/ਵਨਵੈੱਬ ਇੰਡੀਆ-2 ਮਿਸ਼ਨ ਪੂਰਾ ਹੋ ਗਿਆ ਹੈ। ਸਾਰੇ 36 ਵਨਵੈੱਬ ਜੈੱਨ-1 ਉਪਗ੍ਰਹਿ ਨਿਰਧਾਰਤ ਪੰਧਾਂ ਵਿੱਚ ਸਥਾਪਤ ਕਰ ਦਿੱਤੇ ਗਏ ਹਨ। ਐੱਲਵੀਐੱਮ3 ਆਪਣੇ ਲਗਾਤਾਰ ਛੇਵੇਂ ਲਾਂਚ ਵਿੱਚ 5,805 ਕਿੱਲੋ ਪੇਅਲੋਡ ਲੈ ਕੇ ਗਿਆ।” ਇਸਰੋ ਦੇ ਪ੍ਰਧਾਨ ਐੱਸ ਸੋਮਨਾਥ ਨੇ ਐੱਲਵੀਐੱਮ3-ਐੱਮ3-ਵਨਵੈੱਬ ਇੰਡੀਆ-2 ਮਿਸ਼ਨ ਦੇ ਸਫਲ ਲਾਂਚ ਲਈ ਐੱਨਐੱਸਆਈਐੱਲ, ਇਸਰੋ ਤੇ ਵਨਵੈੱਬ ਨੂੰ ਵਧਾਈ ਦਿੱਤੀ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਦੇ ਸਫਲ ਲਾਂਚ ਲਈ ਇਸਰੋ ਦੀ ਸ਼ਲਾਘਾ ਕੀਤੀ।
ਉਨ੍ਹਾਂ ਟਵੀਟ ਕੀਤਾ, ”ਮੈਨੂੰ ਅਜਿਹੇ ਸਮੇਂ ਵਿੱਚ ਪੁਲਾੜ ਵਿਭਾਗ ਨਾਲ ਜੁੜ ਕੇ ਮਾਣ ਮਹਿਸੂਸ ਹੁੰਦਾ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਦੁਨੀਆ ਦਾ ਇਕ ਮੋਹਰੀ ਦੇਸ਼ ਬਣਾ ਕੇ ਉਭਰਿਆ ਹੈ।” ਅੱਜ ਦੇ ਇਸ ਲਾਂਚ ਦੇ ਨਾਲ ਹੀ ਵਨਵੈੱਬ ਵੱਲੋਂ ਧਰਤੀ ਦੇ ਪੰਧ ਵਿੱਚ ਸਥਾਪਤ ਉਪਗ੍ਰਹਿ ਵਧ ਕੇ 616 ਹੋ ਗਏ ਹਨ ਜੋ ਕਿ ਇਸ ਸਾਲ ਆਲਮੀ ਸੇਵਾਵਾਂ ਸ਼ੁਰੂ ਕਰਨ ਲਈ ਕਾਫੀ ਹੈ। -ਪੀਟੀਆਈ