ਨਵੀਂ ਦਿੱਲੀ, 27 ਮਾਰਚ
ਮੁੱਖ ਅੰਸ਼
ਮਾਰਚ ਵਿੱਚ ਤ੍ਰਿਣਮੂਲ ਕਾਂਗਰਸ ਸਣੇ ਹੋਰ ਧਿਰਾਂ ਵੀ ਹੋਈਆਂ ਸ਼ਾਮਲ
ਰਾਹੁਲ ਨੂੰ ਅਯੋਗ ਠਹਿਰਾਉਣ ਵਿਰੁੱਧ ਵੀ ਰੋਸ ਪ੍ਰਗਟਾਇਆ
ਕਾਲੇ ਕੱਪੜੇ ਪਾਈ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਅਡਾਨੀ ਮਸਲੇ ਅਤੇ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਖਿਲਾਫ਼ ਅੱਜ ਸੰਸਦ ਤੋਂ ਵਿਜੈ ਚੌਕ ਤੱਕ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀ ਮੈਂਬਰਾਂ, ਜਿਨ੍ਹਾਂ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਸ਼ਾਮਲ ਸਨ, ਸੰਸਦੀ ਅਹਾਤੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਇਕੱਤਰ ਹੋਏ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਮੈਂਬਰਾਂ ਨੇ ਹੱਥਾਂ ਵਿੱਚ ‘ਸਤਯਮੇਵ ਜਯਤੇ’ ਦੇ ਬੈਨਰ ਤੇ ਤਖਤੀਆਂ, ਜਿਨ੍ਹਾਂ ‘ਤੇ ‘ਜਮਹੂਰੀਅਤ ਨੂੰ ਬਚਾਓ’ ਲਿਖਿਆ ਹੋਇਆ ਸੀ, ਫੜ੍ਹੀਆਂ ਸਨ। ਮੈਂਬਰਾਂ ਨੇ ਵਿਜੈ ਚੌਕ ਵਿੱਚ ਧਰਨਾ ਵੀ ਦਿੱਤਾ।
ਦਿੱਲੀ ‘ਚ ਕਾਲੇ ਕੱਪੜੇ ਪਾ ਕੇ ਮਾਰਚ ‘ਚ ਹਿੱਸਾ ਲੈਂਦੇ ਹੋਏ ਦਿਗਵਿਜੈ ਸਿੰਘ ਤੇ ਰਾਘਵ ਚੱਢਾ
ਸ੍ਰੀ ਖੜਗੇ ਨੇ ਵਿਜੈ ਚੌਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਪਿਛਲੇ ਕੁਝ ਸਾਲਾਂ ਵਿੱਚ ਅਡਾਨੀ ਦੀ ਦੌਲਤ ਵਿਚ ਤੇਜ਼ੀ ਨਾਲ ਇਜ਼ਾਫਾ ਕਿਵੇਂ ਹੋਇਆ ਹੈ। ਜਦੋਂ ਤੁਸੀਂ (ਮੋਦੀ) ਵਿਦੇਸ਼ੀ ਮੁਲਕਾਂ ਵਿੱਚ ਜਾਂਦੇ ਹੋ, ਤੁਸੀਂ ਕਿੰਨੀ ਵਾਰ ਸਨਅਤਕਾਰ ਨੂੰ ਆਪਣੇ ਨਾਲ ਲੈ ਕੇ ਗਏ ਹੋ। ਪ੍ਰਧਾਨ ਮੰਤਰੀ, ਅਡਾਨੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਵਿੱਚ ਨਾਕਾਮ ਰਹੇ ਹਨ।” ਉਨ੍ਹਾਂ ਕਿਹਾ, ”ਅਸੀਂ ਇਸ ਮੁੱਦੇ ‘ਤੇ ਜੇਪੀਸੀ ਚਾਹੁੰਦੇ ਹਾਂ। ਸਰਕਾਰ ਇਸ ‘ਤੇ ਸਹਿਮਤੀ ਕਿਉਂ ਨਹੀਂ ਦੇ ਰਹੀ? ਤੁਸੀਂ ਜੇਪੀਸੀ ਜਾਂਚ ਤੋਂ ਕਿਉਂ ਡਰਦੇ ਹੋ…ਇਸ ਦਾ ਮਤਲਬ ਹੈ ਕਿ ‘ਦਾਲ ਵਿੱਚ ਕੁਝ ਕਾਲਾ ਹੈ।’ ਚੇਤੇ ਰਹੇ ਕਿ ਵਿਰੋਧੀ ਧਿਰਾਂ ਅਡਾਨੀ ਸਮੂਹ ‘ਤੇ ਲੱਗੇ ਕਾਰਪੋਰੇਟ ਧੋਖਾਧੜੀ ਤੇ ਸ਼ੇਅਰਾਂ ਦੀ ਵੇਟ-ਵੱਚ ਵਿੱਚ ਹੇੇਰਾਫੇਰੀ ਦੇ ਦੋਸ਼ਾਂ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕਰ ਰਹੀਆਂ ਹਨ। ਖੜਗੇ ਨੇ ਸੰਸਦ ਮੈਂਬਰ ਵਜੋਂ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਏ ਜਾਣ ਦਾ ਮੁੱਦਾ ਵੀ ਚੁੱਕਿਆ।
ਦਿੱਲੀ ‘ਚ ਕਾਲੇ ਕੱਪੜੇ ਪਾ ਕੇ ਮਾਰਚ ‘ਚ ਹਿੱਸਾ ਲੈਂਦੇ ਹੋਏ ਪ੍ਰਿਯੰਕਾ ਚਤੁਰਵੇਦੀ ਤੇ ਤਿਰੁਚੀ ਸ਼ਿਵਾ
ਉਨ੍ਹਾਂ ਕਿਹਾ, ”ਤੁਸੀਂ ਰਾਹੁਲ ਗਾਂਧੀ ਨੂੰ ਬਦਨਾਮ ਕਰਨਾ ਚਾਹੁੰਦੇ ਹੋ, ਇਹੀ ਵਜ੍ਹਾ ਹੈ ਕਿ ਤੁਸੀਂ ਸਬੰਧਤ ਕੇਸ ਗੁਜਰਾਤ ਵਿੱਚ ਤਬਦੀਲ ਕੀਤਾ…ਜਦੋਂਕਿ ਟਿੱਪਣੀਆਂ ਕਰਨਾਟਕ ਦੇ ਕੋਲਾਰ ‘ਚ ਇਕ ਰੈਲੀ ਦੌਰਾਨ ਕੀਤੀਆਂ ਗਈਆਂ ਸਨ। ਜਮਹੂਰੀਅਤ ਲਈ ਅੱਜ ਕਾਲਾ ਦਿਨ ਹੈ। ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਕਾਲੇ ਚੋਲੇ ਪਾਏ ਹੋਏ ਹਨ, ਕਿਉਂਕਿ ਪ੍ਰਧਾਨ ਮੰਤਰੀ ਜਮਹੂਰੀਅਤ ਨੂੰ ‘ਖ਼ਤਮ’ ਕਰ ਰਹੇ ਹਨ। ਤ੍ਰਿਣਮੂਲ ਕਾਂਗਰਸ, ਜੋ ਹੁਣ ਤੱਕ ਵਿਰੋਧੀ ਧਿਰਾਂ ਦੇ ਰੋਸ ਪ੍ਰਦਰਸ਼ਨਾਂ ਤੋਂ ਲਾਂਭੇ ਰਹੀ ਹੈ, ਵੀ ਵਿਜੈ ਚੌਕ ਵਿੱਚ ਦਿੱਤੇ ਧਰਨੇ ‘ਚ ਸ਼ਾਮਲ ਹੋਈ। ਸੰਸਦ ਤੋਂ ਵਿਜੈ ਚੌਕ ਤੱਕ ਰੋਸ ਮਾਰਚ ਕੱਢਣ ਤੋਂ ਪਹਿਲਾਂ ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਜਿਨ੍ਹਾਂ ਵਿੱਚ ਕਾਂਗਰਸ, ਟੀਐੱਮਸੀ, ਬੀਆਰਐੱਸ ਤੇ ਸਪਾ ਵੀ ਸ਼ਾਮਲ ਸਨ, ਨੇ ਅਡਾਨੀ ਮਸਲੇ ਤੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਾਰਜ ਕੀਤੇ ਜਾਣ ਦੇ ਮਸਲੇ ‘ਤੇ ਭਵਿੱਖੀ ਰਣਨੀਤੀ ਘੜਨ ਲਈ ਸੰਸਦੀ ਕੰਪਲੈਕਸ ਵਿੱਚ ਮੀਟਿੰਗ ਵੀ ਕੀਤੀ।
ਦਿੱਲੀ ‘ਚ ਕਾਲੇ ਕੱਪੜੇ ਪਾ ਕੇ ਮਾਰਚ ‘ਚ ਹਿੱਸਾ ਲੈਂਦੇ ਹੋਏ ਫਾਰੂਕ ਅਬਦੁੱਲਾ
ਉਧਰ ਸੀਨੀਅਰ ਪਾਰਟੀ ਆਗੂ ਆਨੰਦ ਸ਼ਰਮਾ ਨੇ ਸ਼ਿਮਲਾ ਵਿੱਚ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਉਣ ਲਈ ਵਿਖਾਈ ਕਾਹਲ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਗਾਂਧੀ ਨੂੰ ਸੰਸਦ ਵਿੱਚ ਬੋਲਣ ਦਾ ਪੂਰਾ ਹੱਕ ਹੈ। ਇਥੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਮਿਲਣ ਲਈ ਆਏ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ਵਿੱਚ ਪੂਰਾ ਭਰੋਸਾ ਹੈ ਤੇ ਸੂਰਤ ਦੀ ਕੋਰਟ ਵੱਲੋਂ ਸੁਣਾਇਆ ਫੈਸਲਾ ਉਚੇਰੀ ਅਦਾਲਤ ਵਿੱਚ ਬਹੁਤਾ ਚਿਰ ਨਹੀਂ ਟਿਕੇਗਾ ਅਤੇ ਕਾਂਗਰਸ ਪਾਰਟੀ ਇਸ ਖਿਲਾਫ਼ ਸਿਆਸੀ ਤੇ ਕਾਨੂੰਨੀ ਲੜਾਈ ਲੜੇਗੀ। -ਪੀਟੀਆਈ
ਦਿੱਲੀ ‘ਚ ਕਾਲੇ ਕੱਪੜੇ ਪਾ ਕੇ ਮਾਰਚ ‘ਚ ਹਿੱਸਾ ਲੈਂਦੇ ਹੋਏ ਕਨੀਮੋੜੀ। -ਫੋਟੋਆਂ: ਪੀਟੀਆਈ
ਅਜਿਹੇ ਬਿਆਨ ਉਨ੍ਹਾਂ ਦੇ ਆਪਣੇ ਕਿਰਦਾਰ ਨੂੰ ਦਰਸਾਉਂਦੇ ਨੇ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਵੱਲੋਂ ਰਾਹੁਲ ਗਾਂਧੀ ਖਿਲਾਫ਼ ਕੀਤੀਆਂ ਨਿਰਾਦਰਯੋਗ ਟਿੱਪਣੀਆਂ ਲਈ ਭਾਜਪਾ ਆਗੂ ਨੂੰ ਘੇਰਦਿਆਂ ਕਿਹਾ ਕਿ ਭਗਵਾਂ ਪਾਰਟੀ ਵਿਚ ਨਵੇਂ ਨਵੇਂ ਦਾਖਲ ਹੋਏ ਇਹ ਆਗੂ ਆਪਣੀਆਂ ਨਵੀਆਂ ਵਫਾਦਾਰੀਆਂ ਨੂੰ ਮਜ਼ਬੂਤ ਕਰਨ ਲਈ ਅਕਸਰ ਅਜਿਹੇ ਅਪਮਾਨਜਨਕ ਬਿਆਨ ਦਿੰਦੇ ਹਨ। ਕਾਂਗਰਸ ਨੇ ਕਿਹਾ ਕਿ ਅਜਿਹੇ ਬਿਆਨ ‘ਉਨ੍ਹਾਂ ਦੇ ਆਪਣੇ ਕਿਰਦਾਰ ਨੂੰ ਉਘਾੜਦੇ ਹਨ।’ ਪਾਰਟੀ ਦੇ ਜਨਰਲ ਸਕੱਤਰ ਰਮੇਸ਼ ਨੇ ਟਵੀਟ ਕੀਤਾ, ”ਯੇਹ ਪੂਰੀ ਸੱਚਾਈ ਹੈ।” ਰਮੇਸ਼ ਨੇ ਇਕ ਹੋਰ ਬਿਆਨ ਵਿੱਚ ਕਿਹਾ, ”ਸ੍ਰੀ ਮੋਦੀ ਨੇ ਇਹ ਨਿਯੁਕਤੀ ਬਿਲਕੁਲ ਸਹੀ ਕੀਤੀ ਹੈ…ਗੈਸਬੈਗ ਹਰਦੀਪ ਪੁਰੀ ਨੂੰ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਬਣਾਇਆ। ਸ੍ਰੀ ਹਰਦੀਪ ਪੁਰੀ ਨੂੰ ਵਧਾਈਆਂ…ਅੱਜ ਦੇ ਦਿਨ ਲਈ ਤੁਹਾਡੇ ਖਾਤੇ ਵਿੱਚ ਦੋ ਰੁਪਏ ਆ ਗਏ ਹਨ।” ਪੁਰੀ ਜਨਵਰੀ 2014 ਵਿੱਚ ਭਾਜਪਾ ‘ਚ ਸ਼ਾਮਲ ਹੋਏ ਸਨ। ਕਾਂਗਰਸ ਤਰਜਮਾਨ ਸ੍ਰੀਨੇਤ ਨੇ ਵੀ ਪੁਰੀ ਨੂੰ ਜੰਮ ਕੇ ਭੰਡਿਆ। ਉਧਰ ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਪੁਰੀ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਅੰਦਰ ਵੇਖਣ। -ਪੀਟੀਆਈ
ਸੰਸਦ ਵੱਲੋਂ ਵਿੱਤ ਬਿੱਲ ਨੂੰ ਮਨਜ਼ੂਰੀ
ਰਾਜ ਸਭਾ ‘ਚ ਬਿੱਲ ਪੇਸ਼ ਕਰਦੀ ਹੋਈ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ। -ਫੋਟੋ: ਪੀਟੀਆਈ
ਨਵੀਂ ਦਿੱਲੀ: ਵਿਰੋਧੀ ਧਿਰਾਂ ਵੱਲੋਂ ਅਡਾਨੀ ਮਸਲੇ ਨੂੰ ਲੈ ਕੇ ਪਾਏ ਰੌਲੇ-ਰੱਪੇ ਦਰਮਿਆਨ ਸੰਸਦ ਨੇ ਅੱਜ ਅਗਲੇ ਵਿੱਤੀ ਸਾਲ 2023-24 ਲਈ ਵਿੱਤ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਰਾਜ ਸਭਾ ਵੱਲੋਂ ਕੁਝ ਤਰਮੀਮਾਂ ਨਾਲ ਭੇਜੇ ਫਾਇਨਾਂਸ ਬਿੱਲ ‘ਤੇ ਹੇਠਲੇ ਸਦਨ ਨੇ ਰਸਮੀ ਮੋਹਰ ਲਾ ਦਿੱਤੀ। ਬਿੱਲ ਨੂੰ ਹੁਣ ਪ੍ਰਵਾਨਗੀ ਲਈ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ। ਉਧਰ ਵਿਰੋਧੀ ਧਿਰਾਂ ਅਡਾਨੀ ਮਸਲੇ ਦੀ ਜੇਪੀਸੀ ਜਾਂਚ ਦੀ ਆਪਣੀ ਮੰਗ ‘ਤੇ ਬਜ਼ਿੱਦ ਰਹੀਆਂ। ਕਾਂਗਰਸ ਸਣੇ ਹੋਰ ਪਾਰਟੀਆਂ ਦੇ ਮੈਂਬਰ ਕਾਲੇ ਚੋਲੇ ਪਾ ਕੇ ਸਦਨ ਵਿੱਚ ਪੁੱਜੇ। ਫਾਇਨਾਂਸ ਬਿੱਲ 2023 ਵਿੱਚ ਸੋਧ, ਜੋ ਸਕਿਓਰਿਟੀਜ਼ ਟਰਾਂਜੈਕਸ਼ਨ ਟੈਕਸ (ਐੱਸਟੀਟੀ) ਉੱਤੇ ਟੈਕਸ ਦਰਾਂ ਵਿੱਚ ਇਕ ਗਲਤੀ ਨੂੰ ਦਰੁਸਤ ਕਰਨ ਬਾਰੇ ਸੀ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਰੱਖੀ ਗਈ ਸੀ। ਵਿੱਤ ਬਿੱਲ ਨੂੰ ਮਨਜ਼ੂਰੀ ਨਾਲ ਵਿੱਤੀ ਸਾਲ 2023-24 ਲਈ ਬਜਟ ਦਾ ਅਮਲ ਮੁਕੰਮਲ ਹੋ ਗਿਆ ਹੈ। ਰਮਾ ਦੇਵੀ, ਜੋ ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਸਨ, ਨੇ ਫਾਇਨਾਂਸ ਬਿੱਲ ਪਾਸ ਹੁੰਦੇ ਹੀ ਸਦਨ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ। ਉਧਰ ਰਾਜ ਸਭਾ ਵਿੱਚ ਵੀ ਅਡਾਨੀ ਮਸਲੇ ਨੂੰ ਲੈ ਕੇ ਰੌਲਾ-ਰੱਪਾ ਪਿਆ। ਵਿਰੋਧੀ ਧਿਰਾਂ ਦੇ ਰੌਲੇ ਦਰਮਿਆਨ ਹੀ ਉਪਰਲੇ ਸਦਨ ਨੇ ਇਕ ਸੋਧ ਨਾਲ ਫਾਇਨਾਂਸ ਬਿੱਲ 2023 ਲੋਕ ਸਭਾ ਨੂੰ ਵਾਪਸ ਭੇਜ ਦਿੱਤਾ। ਰਾਜ ਸਭਾ ਨੇ ਜੰੰਮੂ ਕਸ਼ਮੀਰ ਬਜਟ 2023-24 ਤੇ ਨਮਿੱਤਣ ਬਿੱਲ ਵੀ ਬਿਨਾਂ ਕਿਸੇ ਚਰਚਾ ਦੇ ਲੋਕ ਸਭਾ ਨੂੰ ਮੋੜ ਦਿੱਤੇ।
ਦੁਪਹਿਰ ਦੇ ਖਾਣੇ ਤੋਂ ਪਹਿਲਾਂ ਮੁਅੱਤਲ ਕੀਤਾ ਸਦਨ ਜਦੋਂ ਬਾਅਦ ਦੁਪਹਿਰ 2 ਵਜੇ ਮੁੜ ਜੁੜਿਆ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਵਿਰੋਧੀ ਧਿਰਾਂ ਦੇ ਰੌਲੇ-ਰੱਪੇ ਦਰਮਿਆਨ ਹੀ ਬਿੱਲਾਂ ਨੂੰ ਮੋੜਨ ਦਾ ਅਮਲ ਸ਼ੁਰੂ ਕਰ ਦਿੱਤਾ। ਸਦਨ ਨੇ ਪਹਿਲਾਂ ਜੰਮੂ ਤੇ ਕਸ਼ਮੀਰ ਬਜਟ ਤੇ ਮਗਰੋੋਂ ਨਮਿੱਤਣ ਬਿੱਲ ਤੇ ਫਾਇਨਾਂਸ ਬਿੱਲ 2023 ਵੀ ਮੋੜ ਦਿੱਤਾ। ਵਿੱਤ ਬਿੱਲ ਨੂੰ ਚਰਚਾ ਲਈ ਸਦਨ ਵਿੱਚ ਰੱਖਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਿੱਲ ਵਿੱਚ ਸਕਿਓਰਿਟੀਜ਼ ਟਰਾਂਜ਼ੈਕਸਨ ਟੈਕਸ ਦਰਾਂ ਵਿੱਚ ਦਰੁਸਤੀ ਲਈ ਸੋਧ ਵੀ ਰੱਖੀ, ਜਿਸ ਨੂੰ ਲੋਕ ਸਭਾ ਨੇ ਪਿਛਲੇ ਹਫਤੇ ਪਾਸ ਕਰ ਦਿੱਤਾ ਸੀ। ਧਨਖੜ ਨੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਚਰਚਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ, ਪਰ ਉਹ ਅਡਾਨੀ ਮਸਲੇ ‘ਤੇ ਚਰਚਾ ਤੇ ਇਸ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਦੀ ਆਪਣੀ ਮੰਗ ‘ਤੇ ਅੜੀਆਂ ਰਹੀਆਂ। ਮਗਰੋਂ ਇਨ੍ਹਾਂ ਬਿੱਲਾਂ ਨੂੰ ਬਿਨਾਂ ਕਿਸੇ ਚਰਚਾ ਦੇ ਜ਼ੁਬਾਨੀ ਵੋਟ ਨਾਲ ਲੋਕ ਸਭਾ ਨੂੰ ਮੋੜਨ ਦੀ ਪ੍ਰਵਾਨਗੀ ਦੇ ਦਿੱਤੀ ਗਈ। ਧਨਖੜ ਨੇ ਕਿਹਾ ਕਿ ਇਨ੍ਹਾਂ ਬਿੱਲਾਂ ‘ਤੇ ਚਰਚਾ ਲਈ ਸਦਨ ਨੂੰ 10 ਘੰਟੇ ਦਾ ਸਮਾਂ ਮਿਲਿਆ ਸੀ, ਜਿਸ ਦਾ ਮੈਂਬਰਾਂ ਨੇ ਫਾਇਦਾ ਨਹੀਂ ਲਿਆ। ਉਨ੍ਹਾਂ ਸਦਨ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ। ਸਵੇਰ ਦੇ ਸੈਸ਼ਨ ਵਿੱਚ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ, ਜਿਨ੍ਹਾਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਾਰਜ ਕੀਤੇ ਜਾਣ ਦੇ ਰੋਸ ਵਜੋਂ ਕਾਲੇ ਚੋਲੇ ਪਾਏ ਹੋਏ ਸਨ, ਨੇ ਅਡਾਨੀ ਮਸਲੇ ਨੂੰ ਲੈ ਕੇ ਰੌਲਾ ਰੱਪਾ ਪਾਇਆ। ਮੈਂਬਰਾਂ ਨੇ ‘ਮੋਦੀ-ਅਡਾਨੀ ਭਾਈ ਭਾਈ’ ਦੇ ਨਾਅਰੇ ਲਾਏ। ਚੇਅਰਮੈਨ ਧਨਖੜ ਅਜੇ ਸੀਟ ‘ਤੇ ਬੈਠੇ ਵੀ ਨਹੀਂ ਸਨ ਕਿ ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਧਨਖੜ ਨੇ ਵਿਰੋਧੀ ਧਿਰਾਂ ਦੇ ਮਿਜ਼ਾਜ ਨੂੰ ਭਾਂਪਦੇ ਹੋਏ ਸਦਨ ਦੀ ਕਾਰਵਾਈ ਨੂੰ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਸੀ। -ਪੀਟੀਆਈ