ਪ੍ਰਯਾਗਰਾਜ (ਯੂਪੀ), 28 ਮਾਰਚ
ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ ਵਿਸ਼ੇਸ਼ ਕੋਰਟ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਤੇ ਦੋ ਹੋਰਨਾਂ ਨੂੰ 2006 ਉਮੇਸ਼ ਪਾਲ ਅਗਵਾ ਕੇਸ ਵਿੱਚ ਦੋਸ਼ੀ ਠਹਿਰਾਉਂਦਿਆਂ ਬਾਮੁਸ਼ੱਕਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਅਹਿਮਦ ਦੇ ਭਰਾ ਖ਼ਾਲਿਦ ਅਜ਼ੀਮ ਉਰਫ਼ ਅਸ਼ਰਫ ਤੇ ਛੇ ਹੋਰਨਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਤੀਕ ਖਿਲਾਫ਼ ਸੌ ਤੋਂ ਵੱਧ ਕੇਸ ਦਰਜ ਹਨ ਤੇ ਉਸ ਨੂੰ ਕਿਸੇ ਕੇਸ ਵਿੱਚ ਪਹਿਲੀ ਵਾਰ ਸਜ਼ਾ ਹੋਈ ਹੈ। ਇਸ ਦੌਰਾਨ ਪੁਲੀਸ ਅਤੀਕ ਅਹਿਮਦ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਲਈ ਲੈ ਕੇ ਰਵਾਨਾ ਹੋ ਗਈ ਹੈ।
ਸਰਕਾਰੀ ਵਕੀਲ ਗੁਲਾਬ ਚੰਦਰ ਅਗਰਾਹਰੀ ਨੇ ਕਿਹਾ ਕਿ ਵਿਸ਼ੇਸ਼ ਐੱਮਪੀ-ਐੱਮਐੱਲਏ ਕੋਰਟ ਦੇ ਜੱਜ ਦਿਨੇਸ਼ ਚੰਦਰ ਸ਼ੁਕਲਾ ਨੇ ਅਹਿਮਦ, ਵਕੀਲ ਸੌਲਾਤ ਹਨੀਫ਼ ਤੇ ਦਿਨੇਸ਼ ਪਾਸੀ ਨੂੰ ਆਈਪੀਸੀ ਦੀ ਧਾਰਾ 364ਏ ਤਹਿਤ ਦੋਸ਼ੀ ਠਹਿਰਾਇਆ। ਅਗਰਾਹਰੀ ਨੇ ਕਿਹਾ, ”ਕੋਰਟ ਨੇ ਤਿੰਨਾਂ ਨੂੰ ਉਮਰ ਕੈਦ ਬਾਮੁਸ਼ੱਕਤ ਦੇ ਨਾਲ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।” ਉਨ੍ਹਾਂ ਕਿਹਾ ਕਿ ਇਹ ਰਕਮ ਉਮੇਸ਼ ਪਾਲ, ਜਿਸ ਦੀ ਪਿਛਲੇ ਮਹੀਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦੇ ਪਰਿਵਾਰ ਨੂੰ ਦਿੱਤੀ ਜਾਵੇਗੀ। ਕੋਰਟ ਵੱਲੋਂ ਸਜ਼ਾ ਸੁਣਾੲੇ ਜਾਣ ਦੀ ਰਸਮੀ ਕਾਰਵਾਈ ਮਗਰੋਂ ਅਤੀਕ ਅਹਿਮਦ ਤੇ ਹੋਰਨਾਂ ਨੂੰ ਵੱਖੋ ਵੱਖਰੀਆਂ ਪੁਲੀਸ ਵੈਨਾਂ ਵਿੱਚ ਨੈਨੀ ਜੇਲ੍ਹ ਲਿਜਾਇਆ ਗਿਆ। ਪੁਲੀਸ ਵੈਨ ਵਿੱਚ ਬੈਠੇ ਅਹਿਮਦ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਕਿਹਾ, ”ਮੈਂ ਕੋਰਟ ਦਾ ਸਤਿਕਾਰ ਕਰਦਾ ਹਾਂ…ਇਹ ਗ਼ਲਤ ਸਜ਼ਾ ਸੁਣਾਈ ਗਈ ਹੈ…ਮੈਂ ਇਸ ਫੈਸਲੇ ਖਿਲਾਫ਼ ਹਾਈ ਕੋਰਟ ਜਾਵਾਂਗਾ।” ਇਸ ਤੋਂ ਪਹਿਲਾਂ ਜਦੋਂ ਅਤੀਕ ਤੇ ਅਸ਼ਰਫ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ ਉਥੇ ਮੌਜੂਦ ਕੁਝ ਵਕੀਲਾਂ ਨੇ ‘ਫਾਂਸੀ ਦੋ’ ਦੇ ਨਾਅਰੇ ਲਾਏ। ਅਤੀਕ, ਅਸ਼ਰਫ਼ ਤੇ ਹੋਰਨਾਂ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ।
ਉਧਰ ਅਤੀਕ ਅਹਿਮਦ ਦੇ ਵਕੀਲ ਦਯਾਸ਼ੰਕਰ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫੈਸਲੇ ਖਿਲਾਫ਼ ਅਪੀਲ ਕਰਨ ਦਾ ਅਧਿਕਾਰ ਹੈ ਤੇ ਉਹ ਇਸ ਸਜ਼ਾ ਖਿਲਾਫ਼ ਹਾਈ ਕੋਰਟ ਜਾਣਗੇ। ਇਸ ਦੌਰਾਨ ਉਮੇਸ਼ ਪਾਲ ਦੀ ਮਾਂ ਸ਼ਾਂਤੀ ਦੇਵੀ ਨੇ ਕੋਰਟ ਦੇ ਫੈਸਲੇ ‘ਤੇ ਆਪਣੇ ਪ੍ਰਤੀਕਰਮ ਵਿੱਚ ਕਿਹਾ ਕਿ ਉਸ ਨੂੰ ਦੇਸ਼ ਦੀ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ। ਹਾਲਾਂਕਿ ਉਨ੍ਹਾਂ ਇਹ ਖ਼ਦਸ਼ਾ ਵੀ ਜਤਾਇਆ ਕਿ ਅਤੀਕ ਅਹਿਮਦ ‘ਜੇਲ੍ਹ ਵਿੱਚ ਬੈਠਾ ਕੁਝ ਵੀ ਕਰਵਾ ਸਕਦਾ ਹੈ।’ -ਪੀਟੀਆਈ
ਸੁਪਰੀਮ ਕੋਰਟ ਵੱਲੋਂ ਅਤੀਕ ਅਹਿਮਦ ਦੀ ਅਪੀਲ ਖਾਰਜ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਾਬਕਾ ਸੰਸਦ ਮੈਂਬਰ ਤੇ ਕਥਿਤ ਗੈਂਗਸਟਰ ਅਤੀਕ ਅਹਿਮਦ ਵੱਲੋਂ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਹਿਮਦ ਨੇ ਉਮੇਸ਼ ਪਾਲ ਕਤਲ ਕੇਸ ਵਿੱਚ ਉੱਤਰ ਪ੍ਰਦੇਸ਼ ਪੁਲੀਸ ਨੂੰ ਮਿਲੀ ਆਪਣੀ ਹਿਰਾਸਤ ਦੌਰਾਨ ਸੁਰੱਖਿਆ ਦੀ ਮੰਗ ਕੀਤੀ ਸੀ। ਅਤੀਕ ਅਹਿਮਦ ਨੇ ਦਾਅਵਾ ਕੀਤਾ ਸੀ ਕਿ ਹਿਰਾਸਤ ਦੌਰਾਨ ਉਸ ਦੀ ਜਾਨ ਨੂੰ ਖ਼ਤਰਾ ਹੈ। ਜਸਟਿਸ ਅਜੈ ਰਸਤੋਗੀ ਤੇ ਜਸਟਿਸ ਬੇਲਾ ਐੱਮ.ਤ੍ਰਿਵੇਦੀ ਦੇ ਬੈਂਚ ਨੇ ਹਾਲਾਂਕਿ ਅਹਿਮਦ ਨੂੰ ਅਲਾਹਾਬਾਦ ਹਾਈ ਕੋਰਟ ਤੱਕ ਰਸਾਈ ਦੀ ਖੁੱਲ੍ਹ ਦੇ ਦਿੱਤੀ। ਕੋਰਟ ਨੇ ਕਿਹਾ ਕਿ ਕਿਉਂ ਜੋ ਅਹਿਮਦ ਨਿਆਂਇਕ ਹਿਰਾਸਤ ਵਿਚ ਹੈ, ਯੂਪੀ ਦੀ ਸਰਕਾਰੀ ਮਸ਼ੀਨਰੀ ਇਸ ਕੇਸ ਵਿੱਚ ਉਸ ਦੀ ਸੁਰੱਖਿਆ ਦਾ ਖਿਆਲ ਰੱਖੇਗੀ। -ਪੀਟੀਆਈ