ਲਖਨਊ, 29 ਜਨਵਰੀ
ਸਮਾਜਵਾਦੀ ਪਾਰਟੀ (ਸਪਾ) ਨੇ ਅੱਜ ਆਪਣੀ 62 ਮੈਂਬਰੀ ਕੌਮੀ ਕਾਰਜਕਾਰਨੀ ਦਾ ਐਲਾਨ ਕੀਤਾ, ਜਿਸ ਵਿਚ ਅਖਿਲੇਸ਼ ਯਾਦਵ ਨੂੰ ਮੁੜ ਪਾਰਟੀ ਦਾ ਕੌਮੀ ਪ੍ਰਧਾਨ ਅਤੇ ਉਨ੍ਹਾਂ ਦੇ ਚਾਚਾ ਸ਼ਿਵਪਾਲ ਯਾਦਵ ਸਮੇਤ 14 ਆਗੂਆਂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸਪਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਆਪਣੀ 62 ਮੈਂਬਰੀ ਕੌਮੀ ਕਾਰਜਕਾਰਨੀ ਦੀ ਸੂਚੀ ਸਾਂਝੀ ਕੀਤੀ ਹੈ। ਸੂਚੀ ਮੁਤਾਬਕ ਕਿਰਨਮੌਇ ਨੰਦਾ ਨੂੰ ਕੌਮੀ ਉਪ ਪ੍ਰਧਾਨ ਅਤੇ ਰਾਮ ਗੋਪਾਲ ਯਾਦਵ ਨੂੰ ਮੁੱਖ ਜਨਰਲ ਸਕੱਤਰ ਬਣਾਇਆ ਗਿਆ ਹੈ। ਰਾਮਚਰਿਤਮਾਨਸ ਸਬੰਧੀ ਕੀਤੀਆਂ ਟਿੱਪਣੀਆਂ ਕਾਰਨ ਵਿਵਾਦਾਂ ‘ਚ ਘਿਰੇ ਸਵਾਮੀ ਪ੍ਰਸਾਦ ਮੌਰਿਆ, ਸੀਨੀਅਰ ਆਗੂ ਆਜ਼ਮ ਖਾਨ, ਰਵੀ ਪ੍ਰਕਾਸ਼ ਵਰਮਾ, ਬਲਰਾਮ ਯਾਦਵ, ਵਿਸ਼ਵੰਭਰ ਪ੍ਰਸਾਦ ਨਿਸ਼ਾਦ, ਅਵਧੇਸ਼ ਪ੍ਰਸਾਦ, ਇੰਦਰਜੀਤ ਸਰੋਜ, ਰਾਮਜੀਲਾਲ ਸੁਮਨ, ਲਾਲਜੀ ਵਰਮਾ, ਰਾਮ ਅਚਲ ਰਾਜਭਰ, ਜੇ ਐਂਟਨੀ, ਹਰਿੰਦਰ ਮਲਿਕ ਅਤੇ ਨੀਰਜ ਚੌਧਰੀ ਨੂੰ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਦੀਪ ਰੰਜਨ ਸੇਨ ਪਾਰਟੀ ਦੇ ਖਜ਼ਾਨਚੀ ਹੋਣਗੇ, ਜਦਕਿ ਮਧੂ ਗੁਪਤਾ, ਕਮਲ ਅਖਤਰ, ਰਾਜਿੰਦਰ ਚੌਧਰੀ, ਰਾਜੀਵ ਰਾਏ ਅਤੇ ਅਭਿਸ਼ੇਕ ਮਿਸ਼ਰਾ ਸਮੇਤ 19 ਕੌਮੀ ਸਕੱਤਰ ਹੋਣਗੇ। -ਪੀਟੀਆਈ