ਪੀ.ਐਮ ਮੋਦੀ ਦੀ ਸਲਾਹ, ਕੁਝ ਵੀ ਫਾਰਵਰਡ ਕਰਨ ਤੋਂ ਪਹਿਲਾਂ 10 ਵਾਰ ਸੋਚੋ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੇਕ ਨਿਊਜ਼ ਨੂੰ ਲੈ ਕੇ ਲੋਕਾਂ ਨੂੰ ਸਖਤ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਕੁਝ ਵੀ ਅੱਗੇ ਫਾਰਵਰਡ ਕਰਨ ਤੋਂ ਪਹਿਲਾਂ 10 ਵਾਰ ਸੋਚਣ’। ਪੀ.ਐੱਮ. ਮੋਦੀ ਨੇ ਕਿਹਾ ਕਿ ਫੇਕ ਨਿਊਜ਼ ਬੇਹੱਦ ਖ਼ਤਰਨਾਕ ਹੈ ਅਤੇ ਇਸ ਦੇ ਕਈ ਗੰਭੀਰ ਨਤੀਜੇ ਹੋ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਵੀ ਫੇਕ ਨਿਊਜ਼ ਰਾਸ਼ਟਰੀ ਚਿੰਤਾ ਦਾ ਵਿਸ਼ਾ ਬਣਨ ਦੀ ਸਮਰੱਥਾ ਰਖਦੀ ਹੈ, ਇਸ ਲਈ ਦੇਸ਼ ਨੂੰ ਇਨ੍ਹਾਂ ‘ਤੇ ਰੋਕ ਲਗਾਉਣ ਲਈ ਆਧੁਨਿਕ ਤਕਨਾਲੋਜੀ ‘ਤੇ ਜ਼ੋਰ ਦੇਣਾ ਹੋਵੇਗਾ। ਇੱਥੇ ਆਯੋਜਿਤ ਰਾਜਾਂ ਦੇ ਗ੍ਰਹਿ ਮੰਤਰੀਆਂ ਦੇ ਦੋ ਰੋਜ਼ਾ “ਚਿੰਤਨ ਸ਼ਿਵਿਰ” ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਜਿਹੀ ਕਿਸੇ ਵੀ ਜਾਣਕਾਰੀ ਨੂੰ ਦੂਜਿਆਂ ਤੱਕ ਪਹੁੰਚਾਉਣ ਤੋਂ ਪਹਿਲਾਂ ਵਿਸ਼ਲੇਸ਼ਣ ਅਤੇ ਤਸਦੀਕ ਕਰਨ ਬਾਰੇ ਜਾਗਰੂਕ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ‘ਕਿਸੇ ਵੀ ਜਾਣਕਾਰੀ ਨੂੰ ਅੱਗੇ ਭੇਜਣ ਤੋਂ ਪਹਿਲਾਂ 10 ਵਾਰ ਸੋਚਣਾ ਚਾਹੀਦਾ ਹੈ ਅਤੇ ਇਸ ‘ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਇਸ ਦੀ ਪੁਸ਼ਟੀ ਕਰਨਾ ਬਹੁਤ ਜ਼ਰੂਰੀ ਹੈ। ਹਰ ਪਲੇਟਫਾਰਮ ‘ਤੇ ਅਜਿਹੀ ਜਾਣਕਾਰੀ ਦੀ ਪੁਸ਼ਟੀ ਕਰਨ ਦੇ ਤਰੀਕੇ ਹਨ। ਜੇ ਤੁਸੀਂ ਇਸ ਦੀ ਜਾਂਚ ਕਰਨ ਲਈ ਵੱਖ-ਵੱਖ ਸੋਮਿਆਂ ਰਾਹੀਂ ਜਾਂਦੇ ਹੋ, ਤਾਂ ਤੁਹਾਨੂੰ ਇਸਦਾ ਨਵਾਂ ਅਡੀਸ਼ਨ ਮਿਲੇਗਾ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਨੂੰ ਸਿਰਫ਼ ਸੂਚਨਾ ਦੇ ਸੋਮੇ ਵਜੋਂ ਹੀ ਸੀਮਤ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇੱਕ ਫੇਕ ਨਿਊਜ਼ ਵੀ ਰਾਸ਼ਟਰੀ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਕਰੀਆਂ ਵਿੱਚ ਰਾਖਵੇਂਕਰਨ ਬਾਰੇ ਪਿਛਲੇ ਸਮੇਂ ਵਿੱਚ ਫੈਲੀਆਂ ਜਾਅਲੀ ਖ਼ਬਰਾਂ ਕਾਰਨ ਭਾਰਤ ਨੂੰ ਵੀ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ, ਸਾਨੂੰ ਉਨ੍ਹਾਂ ਦੇ ਪ੍ਰਵਾਹ ਨੂੰ ਰੋਕਣ ਲਈ ਉੱਨਤ ਤਕਨਾਲੋਜੀ ‘ਤੇ ਜ਼ੋਰ ਦੇਣਾ ਪਵੇਗਾ।

Leave a Reply

Your email address will not be published. Required fields are marked *