ਬਾਸੇਲ : ਭਾਰਤ ਦੇ ਸਟਾਰ ਖਿਡਾਰੀ ਪੀਵੀ ਸਿੰਧੂ ਤੇ ਐੱਚਐੱਸ ਪ੍ਣਯ ਨੇ ਇੱਥੇ ਮਹਿਲਾ ਤੇ ਮਰਦ ਸਿੰਗਲਜ਼ ਵਿਚ ਆਪੋ-ਆਪਣੇ ਮੈਚ ਜਿੱਤ ਕੇ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਵਿਸ਼ਵ ਵਿਚ ਨੌਵੇਂ ਨੰਬਰ ਦੇ ਖਿਡਾਰੀ ਪ੍ਣਯ ਨੇ ਮਰਦ ਸਿੰਗਲਜ਼ ਦੇ ਪਹਿਲੇ ਗੇੜ ਵਿਚ ਚੀਨ ਦੇ ਸ਼ੀ ਯੂ ਕਿਊਈ ਤੋਂ ਦੂਜੀ ਗੇਮ ਗੁਆਉਣ ਦੇ ਬਾਵਜੂਦ 21-17, 19-21, 21-17 ਨਾਲ ਜਿੱਤ ਦਰਜ ਕੀਤੀ। ਓਲੰਪਿਕ ਵਿਚ ਦੋ ਵਾਰ ਦੀ ਮੈਡਲ ਜੇਤੂ ਤੇ ਇੱਥੇ ਚੌਥਾ ਦਰਜਾ ਹਾਸਲ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਵਿਚ ਸਵਿਟਜ਼ਰਲੈਂਡ ਦੀ ਜੇਨਜੀਰਾ ਸਟੈਡੇਲਮੈਨ ਨੂੰ ਇਕਤਰਫ਼ਾ ਮੁਕਾਬਲੇ ਵਿਚ 21-9, 21-16 ਨਾਲ ਹਰਾ ਕੇ ਆਪਣੇ ਖ਼ਿਤਾਬ ਦੀ ਰੱਖਿਆ ਲਈ ਸ਼ਾਨਦਾਰ ਸ਼ੁਰੂਆਤ ਕੀਤੀ। ਪ੍ਣਯ ਦਾ ਅਗਲਾ ਮੁਕਾਬਲਾ ਫਰਾਂਸ ਦੇ ਕ੍ਰਿਸਟੋ ਪੋਪੋਵ ਨਾਲ ਹੋਵੇਗਾ ਜਦਕਿ ਸਿੰਧੂ ਦਾ ਸਾਹਮਣਾ ਇੰਡੋਨੇਸ਼ੀਆ ਦੀ 20 ਸਾਲਾ ਕੁਸੁਮਾ ਵਾਰਦਾਨੀ ਨਾਲ ਹੋਵੇਗਾ ਜੋ 2022 ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ।