ਚੰਡੀਗੜ੍ਹ, 30 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲੀਸ ਨੇ ਵਿਦੇਸ਼ੀ ਮੂਲ ਦੇ ਗੈਂਗਸਟਰ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸਾ ਮੋਹਣਵਾਲੀਆ ਦੇ ਸਰਪ੍ਰਸਤ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ, “ਗੈਂਗਸਟਰ ਜੱਸਾ ਹੈਪੋਵਾਲ ਪਿਛਲੇ ਮਹੀਨੇ ਜਲੰਧਰ ਦਿਹਾਤੀ ਦੇ ਪਿੰਡ ਭੋਜੋਵਾਲ ਵਿੱਚ ਵਾਪਰੇ ਮਾਂ-ਧੀ ਦੇ ਦੋਹਰੇ ਕਤਲ ਅਤੇ ਹੋਰ ਘਿਨਾਉਣੇ ਅਪਰਾਧਾਂ ਸਮੇਤ ਘੱਟੋ-ਘੱਟ ਛੇ ਕਤਲ ਕੇਸਾਂ ਵਿੱਚ ਲੋੜੀਂਦਾ ਸੀ।”
ਮੁਲਜ਼ਮਾਂ ਨੇ ਅੱਗ ਲਾਉਣ ਤੋਂ ਪਹਿਲਾਂ ਦੋਵੇਂ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਅਤੇ ਚਿਹਰਿਆਂ ’ਤੇ ਮਿੱਟੀ ਦਾ ਤੇਲ ਪਾ ਦਿੱਤਾ ਸੀ।
ਪੁਲੀਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲਾਂ ਸਮੇਤ ਦੋ ਮੈਗਜ਼ੀਨ ਅਤੇ 10 ਕਾਰਤੂਸ ਵੀ ਬਰਾਮਦ ਕੀਤੇ ਹਨ।
ਯਾਦਵ ਨੇ ਦੱਸਿਆ ਕਿ ਜੱਸਾ ਹੈਪੋਵਾਲ ਉਸ ਦੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਤਿੰਨ-ਚਾਰ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਸੀ, ਕਾਊਂਟਰ ਇੰਟੈਲੀਜੈਂਸ ਜਲੰਧਰ ਦੀਆਂ ਟੀਮਾਂ ਨੇ ਯੋਜਨਾ ਬਣਾਈ ਅਤੇ ਉਸ ਦੇ ਮੋਟਰਸਾਈਕਲ ‘ਤੇ ਰੋਕ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।