ਅੰਮ੍ਰਿਤਸਰ : ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਦਿੱਲੀ ਦੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਸਾਂਝੀ ਕੀਤੀ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ ਪੁਰੇਵਾਲ ਨੇ 2003 ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਚ ਅਹਿਮ ਯੋਗਦਾਨ ਨਿਭਾਇਆ ਸੀ। ਅੱਜ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ 2003 ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਤੇ ਦਿਨ-ਦਿਹਾੜੇ ਮਨਾਉਂਦੀਆਂ ਹਨ। ਜ਼ਿਕਰਯੋਗ ਹੈ ਕਿ ਪਾਲ ਸਿੰਘ ਪੁਰੇਵਾਲ ਵੱਲੋਂ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਬਿਕਰਮੀ ਕੈਲੰਡਰ ਨੂੰ ਬਦਲਣ ਲਈ ਤਿਆਰ ਕੀਤਾ ਗਿਆ ਸੀ। ਨਾਨਕਸ਼ਾਹੀ ਸਾਲ 1 ਚੇਤ ਨੂੰ ਸ਼ੁਰੂ ਹੁੰਦਾ ਹੈ। ਨਵੇਂ ਸਾਲ ਦਾ ਦਿਨ ਹਰ ਸਾਲ ਗ੍ਰੇਗੋਰੀਅਨ ਪੱਛਮੀ ਕੈਲੰਡਰ ‘ਚ ਮਾਰਚ ‘ਚ ਆਉਂਦਾ ਹੈ।