ਕੋਚੀ, 18 ਮਈ
ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਮੀਡੀਆ ਭਾਈਚਾਰੇ ਨੂੰ ਦੇਸ਼ ਦੀ ਅਖੰਡਤਾ ਨੂੰ ਖਤਰਾ ਖੜ੍ਹਾ ਕਰਨ ਵਾਲੇ ਬਿਰਤਾਂਤਾਂ ਪ੍ਰਤੀ ਚੌਕਸ ਰਹਿਣ ਅਤੇ ਉਨ੍ਹਾਂ ਨੂੰ ਥਾਂ ਦੇਣ ਤੋਂ ਬਚਣ ਦੀ ਅਪੀਲ ਕੀਤੀ।
ਸ੍ਰੀ ਠਾਕੁਰ ਨੇ ਕਿਹਾ ਕਿ ਦੇਸ਼ ਦੇ ਅੰਦਰੋਂ ਜਾਂ ਬਾਹਰੋਂ ਜ਼ਾਹਿਰ ਕੀਤੀ ਗਈ ਬੇਬੁਨਿਆਦ ਜਾਂ ਅਪੁਸ਼ਟ ਅਤੇ ਤਰਕ ਰਹਿਤ ਰਾਏ ਦੇਸ਼ ਦੀ ਜਮਹੂਰੀ ਪ੍ਰਕਿਰਤੀ ਨੂੰ ਖਤਮ ਨਹੀਂ ਕਰ ਸਕਦੀ। ਉਹ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪਿੱਛੇ ਜਿਹੇ ਲੰਡਨ ‘ਚ ਭਾਰਤ ਦੀ ਜਮਹੂਰੀਅਤ ਬਾਰੇ ਦਿੱਤੇ ਬਿਆਨ ਦੇ ਸੰਦਰਭ ‘ਚ ਬੋਲ ਰਹੇ ਸਨ।
ਉਨ੍ਹਾਂ ਕਿਹਾ, ‘ਮੈਂ ਮੀਡੀਆ ਭਾਈਚਾਰੇ ਨੂੰ ਚੌਕਸ ਰਹਿਣ ਅਤੇ ਅਜਿਹੀਆਂ ਆਵਾਜ਼ਾਂ ਤੇ ਕਹਾਣੀਆਂ ਨੂੰ ਜਾਣ-ਬੁਝ ਕੇ ਜਾਂ ਅਣਜਾਣਪੁਣੇ ‘ਚ ਥਾਂ ਦੇਣ ਤੋਂ ਬਚਣ ਦੀ ਅਪੀਲ ਕਰਦਾ ਹਾਂ, ਜਿਨ੍ਹਾਂ ਨਾਲ ਭਾਰਤ ਦੀ ਅਖੰਡਤਾ ਲਈ ਖਤਰਾ ਖੜ੍ਹਾ ਹੋ ਸਕਦਾ ਹੈ।’
ਸ੍ਰੀ ਠਾਕੁਰ ਇੱਥੇ ਰੋਜ਼ਾਨਾ ਮਲਿਆਲਮ ‘ਮਾਤਰਭੂਮੀ’ ਦੇ ਸ਼ਤਾਬਦੀ ਸਮਾਗਮ ‘ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਇੱਕ ਕਹਾਵਤ ਹੈ ਕਿ ਤੱਥ ਮਹੱਤਵਪੂਰਨ ਹੁੰਦੇ ਹਨ ਤੇ ਰਾਏ ਆਜ਼ਾਦ ਹੁੰਦੀ ਹੈ। ਉਨ੍ਹਾਂ ਕਿਹਾ, ‘ਮੈਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਸਾਡੇ ਮਹਾਨ ਦੇਸ਼ ਦੀ ਜਮਹੂਰੀ ਪ੍ਰਕਿਰਤੀ ਹਮੇਸ਼ਾ ਇੱਕ ਤੱਥ ਬਣੀ ਰਹੇਗੀ। ਭਾਵੇਂ ਦੇਸ਼ ਜਾਂ ਵਿਦੇਸ਼ ਤੋਂ ਕਿੰਨੀ ਹੀ ਘਟੀਆ ਤੇ ਤਰਕ ਰਹਿਤ ਰਾਏ ਜ਼ਾਹਿਰ ਕੀਤੀ ਜਾਵੇ।’ -ਪੀਟੀਆਈ