ਮਿਸੀਸਾਗਾ—26 ਮਾਰਚ, 2024
ਇਸ ਸਾਲ ਹੋਣ ਵਾਲਾ ਕੈਨੇਡਾ ਦਾ ਸਭ ਤੋਂ ਵੱਡਾ ਟਰੱਕਿੰਗ ਸ਼ੋਅ ‘ਟਰੱਕ ਵਰਲਡ 2024’ ਟਰੱਕਿੰਗ ਇੰਡਸਟਰੀ ਵਿਚ ਸਾਊਥ ਏਸੀਅਨ ਕਮਿਊਨਿਟੀ ਦੇ ਯੋਗਦਾਨ ਨੂੰ ਸਮਰਪਿਤ ਹੋਵੇਗਾ। ਇਕ ਇਤਿਹਾਸਕ ਪ੍ਰਦਰਸ਼ਨੀ, ਸਪੈਸ਼ਲ ਰਿਸੈਪਸ਼ਨ ਅਤੇ ਨੈਟਵਰਕਿੰਗ ਦੇ ਮੌਕੇ ਇਸ ਵਾਰ ਦੇ ਸ਼ੋਅ ਦਾ ਖਾਸ ਆਕਰਸ਼ਨ ਹੋਣਗੇ।
ਨਿਊਕੌਮ ਦੇ ਸ਼ੋਅ ਮੈਨੇਜਰ ਟੀਏਅਰੀ ਕੁਆਈਆਤਾ ਨੇ ਕਿਹਾ, “ ਟਰੱਕਿੰਗ ਇੰਡਸਟਰੀ ਵਿਚ ਸਾਊਥ ਏਸ਼ੀਅਨ ਕਮਿਊਨਿਟੀ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਸਾਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਇਸ ਸਾਲ ਦਾ ਸ਼ੋਅ ਸਾਡੇ ਵਲੋਂ ਮਲਟੀਕਲਚਰ ਵੰਨਸੁਵੰਨਤਾ ਨੂੰ ਉਭਾਰਨ ਦਾ ਇਕ ਉਪਰਾਲਾ ਹੋਵੇਗਾ, ਜਿਹੜਾ ਕਿ ਸਾਡੀ ਇੰਡਸਟਰੀ ਨੂੰ ਅਮੀਰ ਬਣਾ ਰਿਹਾ ਹੈ।“
ਇਸ ਸਾਲ ਦਾ ਟਰੱਕ ਵਰਲਡ 2024 ਸ਼ੋਅ ਮਿਸੀਸਾਗਾ ਵਿੱਚ 6900 ਏਅਰਪੋਰਟ ਰੋਡ ਤੇ ਸਥਿਤ ਇੰਟਰਨੈਸ਼ਨਲ ਸੈਂਟਰ ਵਿਚ ਹੋਵੇਗਾ। ਇਹ ਸ਼ੋਅ 18 ਅਪਰੈਲ, ਵੀਰਵਾਰ ਤੋਂ 20 ਅਪਰੈਲ, ਸ਼ਨੀਵਾਰ ਤੱਕ ਚੱਲੇਗਾ। ਕੁੱਲ 390,000 ਸੁਕੇਅਰ ਫੁੱਟ ਜਗ੍ਹਾ ਵਿੱਚ ਕੁੱਲ 450 ਤੋਂ ਵੱਧ ਪ੍ਰਦਰਸ਼ਨੀਆਂ ਹੋਣਗੀਆਂ। ਇਸ ਇਵੈਂਟ ਦੌਰਾਨ ਟਰੱਕਿੰਗ ਇੰਡਸਟਰੀ ਦੇ ਸਾਰੇ ਪੱਖਾਂ ਦੀ ਝਲਕ ਮਿਲਦੀ ਹੈ, ਜਿਸ ਵਿੱਚ ਸਾਜ਼ੋ-ਸਮਾਨ ਅਤੇ ਨਵੀਂ ਖੋਜ ਵੀ ਮਿਲਦੀ ਹੈ ਅਤੇ ਇਹ ਨਵੇਂ ਕੁਨੈਕਸ਼ਨ ਅਤੇ ਨਵੇਂ ਹੱਲ ਲੱਭਣ ਦਾ ਮੌਕਾ ਵੀ ਹੁੰਦਾ ਹੈ।
ਮਨਿਸਟਰ ਔਫ਼ ਟਰਾਂਸਪੋਰਟੇਸ਼ਨ ਪ੍ਰਭਮੀਤ ਸਰਕਾਰੀਆ ਨੇ ਕਿਹਾ, “ ਟਰੱਕ ਡਰਾਈਵਰ ਆਮ ਜ਼ਿੰਦਗੀ ਦੇ ਹੀਰੋ ਹਨ, ਜਿਹੜੇ ਪੂਰੇ ਸੂਬੇ ਵਿਚ ਹਰ ਰੋਜ਼ ਲੋੜੀਂਦੀਆਂ ਚੀਜ਼ਾਂ ਅਤੇ ਸਰਵਿਸਜ਼ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਇਸੇ ਕਰਕੇ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਹੇਠ ਸਾਡੀ ਸਰਕਾਰ ਹਮੇਸ਼ਾ ਇਸ ਅਹਿਮ ਇੰਡਸਟਰੀ ਅਤੇ ਇਸ ਦੇ ਵਰਕਰਜ਼ ਨਾਲ ਖੜ੍ਹਦੀ ਹੈ।
ਬਰੈਂਪਟਨ ਮੇਅਰ ਪੈਟਰਿਕ ਬਰਾਊਨ ਨੇ ਕਿਹਾ, “ ਬਰੈਂਪਟਨ ਇਕ ਵੱਡੀ ਟਰਾਂਸਪੋਰਟੇਸ਼ਨ ਹੱਬ ਹੈ ਅਤੇ ਵਸਤਾਂ ਦੀ ਢੋਆ-ਢੁਆਈ ਵਿੱਚ ਇਸ ਦਾ ਦਹਾਕਿਆਂ ਦਾ ਤਜ਼ਰਬਾ ਹੈ। ਬਰੈਂਪਟਨ ਵਿਚ 11,000 ਤੋਂ ਵੱਧ ਟਰੱਕਿੰਗ ਕੰਪਨੀਆਂ ਹਨ, ਜਿਨ੍ਹਾਂ ਵਿੱਚ 24,000 ਤੋਂ ਵੱਧ ਲੋਕ ਟਰੱਕਿੰਗ ਅਤੇ ਲੌਜਿਸਟਿਕਸ ਸੈਕਟਰ ਨਾਲ ਜੁੜੇ ਹਨ।
ਜਿਹੜੇ ਇੰਡਸਟਰੀ ਮੈਂਬਰ ਇਸ ਸਾਲ ਦੇ ਸ਼ੋਅ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ truckworld.ca ਤੇ ਫਰੀ ਅਡਮਿਸ਼ਨ ਲਈ ਰਜਿਸਟਰ ਕਰਨ ਵਾਸਤੇ ਪ੍ਰੋਮੋ ਕੋਡ KAPOW ਦੀ ਵਰਤੋਂ ਕਰ ਸਕਦੇ ਹਨ।
ਤੱਥ:
- ਟਰੱਕਿੰਗ ਇੰਡਸਟਰੀ ਮੁਲਕ ਦੀ ਇਕੌਨੋਮੀ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ, ਅਤੇ ਹਰ ਸਾਲ $65 ਬਿਲੀਅਨ ਡਾਲਰ ਰੈਵੇਨਿਊ ਪੈਦਾ ਕਰਦੀ ਹੈ ਅਤੇ ਕੈਨੇਡਾ ਦੀ ਜੀਡੀਪੀ ਵਿਚ ਇਸ ਦਾ 3.5% ਹਿੱਸਾ ਹੈ। 10,000 ਤੋਂ ਵੱਧ ਕੰਪਨੀਆਂ ਵਿੱਚ 300,000 ਤੋਂ ਵੱਧ ਡਰਾਇਵਰ ਕੰਮ ਕਰਦੇ ਹਨ ਅਤੇ ਯੂ ਐਸ -ਕੈਨੇਡਾ ਟਰੇਡ ਦਾ 89% ਤੋਂ ਵੱਧ ਟਰਾਂਸਪੋਰਟ ਕਰਦੀ ਹੈ।
- ਕੈਨੇਡਾ ਦਾ ਹਰ ਪੰਜ ਵਿੱਚੋਂ ਇਕ (17.8 ਪ੍ਰਤੀਸ਼ਤ) ਟਰੱਕ ਡਰਾਈਵਰ ਸਾਊਥ ਏਸ਼ੀਅਨ ਪਿਛੋਕੜ ਵਾਲਾ ਹੈ। ਟੋਰਾਂਟੋ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਵਿੱਚ ਅੱਧੇ ਤੋਂ ਵੱਧ ਡਰਾਈਵਰ ਸਾਊਥ ਏਸ਼ੀਅਨ ਹਨ।
- ਕੈਨੇਡਾ ਵਿੱਚ ਸਾਊਥ ਏਸ਼ੀਅਨ ਮਾਈਗਰੇਸ਼ਨ 1900ਵਿਆਂ ਦੇ ਸ਼ੁਰੂ ਵਿੱਚ ਅਰੰਭ ਹੁੰਦੀ ਹੈ, ਜਦੋਂ ਮੁੱਖ ਤੌਰ ਤੇ ਪੰਜਾਬ ਤੋਂ ਕਰੀਬ 5,000 ਸਾਊਥ ਏਸ਼ੀਅਨ ਮਾਈਗਰੰਟ ਆਏ ਸਨ। ਬਹੁਤ ਸਾਰੇ ਇਮੀਗਰੰਟਸ ਨੂੰ ਲੌਗਿੰਗ, ਮਾਈਨਿੰਗ, ਅਤੇ ਖੇਤੀ ਵਿੱਚ ਕੰਮ ਮਿਲਿਆ ਅਤੇ ਇਨਾਂ ਵਿੱਚੋਂ ਹੀ ਟਰਾਂਸਪੋਰਟੇਸ਼ਨ ਲਈ ਭਵਿੱਖ ਦੀ ਪੀੜ੍ਹੀ ਅੱਗੇ ਆਈ।